ਸਾਬਕਾ ਸਰਕਾਰ ਨੇ 6ਵਾਂ ਪੇ-ਕਮਿਸ਼ਨ ਤਾਂ ਲਾਗੂ ਕਰ ਦਿੱਤਾ ਪਰ ਕਰਮਚਾਰੀਆਂ ਨੂੰ ਨਹੀਂ ਦਿੱਤਾ ਲਾਭ : ਸੁੱਖੂ
Monday, Jan 22, 2024 - 05:47 PM (IST)

ਨਾਲਾਗੜ੍ਹ- ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਸਾਬਕਾ ਸਰਕਾਰ ਨੇ ਜਾਂਦੇ-ਜਾਂਦੇ ਉਨ੍ਹਾਂ 'ਤੇ ਬੋਝ ਪਾ ਦਿੱਤਾ ਹੈ ਪਰ ਉਹ ਹਰ ਹਾਲਾਤ ਨਾਲ ਨਜਿੱਠਣਾ ਜਾਣਦੇ ਹਨ। ਹਿਮਾਚਲ ਨੂੰ ਆਤਮਨਿਰਭਰ ਸੂਬਾ ਬਣਾਉਣ ਵੱਲ ਕਦਮ ਵਧਾ ਰਹੇ ਹਨ। ਉਨ੍ਹਾਂ ਨੇ ਨਾਲਾਗੜ੍ਹ ਦੇ ਪੰਜੈਹਰਾ 'ਚ ਵਿਕਾਸ ਕੰਮਾਂ ਦੇ ਨੀਂਹ ਪੱਥਰ ਅਤੇ ਉਦਘਾਟਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਸਾਬਕਾ ਸਰਕਾਰ ਨੇ ਚੋਣਾਂ ਤੋਂ ਪਹਿਲਾਂ 6ਵਾਂ ਪੇ-ਕਮਿਸ਼ਨ ਲਾਗੂ ਤਾਂ ਕਰ ਦਿੱਤਾ ਪਰ ਕਰਮਚਾਰੀਆਂ ਨੂੰ ਇਸਦਾ ਲਾਭ ਨਹੀਂ ਦਿੱਤਾ ਗਿਆ। ਇਸ ਵਿਚਕਾਰ ਸਰਕਾਰ ਬਦਲ ਗਈ ਅਤੇ ਇਹ ਸਾਰਾ ਬੋਝ ਉਨ੍ਹਾਂ ਦੀ ਸਰਕਾਰ 'ਤੇ ਆ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਬਾਰੇ ਪਿੱਛੇ ਨਹੀਂ ਹਟੇ ਹਨ ਅਤੇ ਸਮਾਂ ਆਉਣ 'ਤੇ ਇਸਨੂੰ ਲਾਗੂ ਕੀਤਾ ਜਾਵੇਗਾ। ਸੂਬੇ 'ਚ ਮਲਟੀ ਟਾਸਕ ਵਰਕਰਾਂ ਦੇ ਘੱਟ ਮਾਣ ਭੱਤੇ 'ਤੇ ਸੀ.ਐੱਮ. ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਮਲਟੀ ਟਾਸਕ ਵਰਕਰਾਂ ਦਾ ਇਕ ਵਫ਼ਦ ਵੀ ਉਨ੍ਹਾਂ ਨੂੰ ਮਿਲਿਆ ਅਤੇ ਸਰਕਾਰ ਇਸ ਬਾਰੇ ਵਿਚਾਰ ਕਰ ਰਹੀ ਹੈ ਅਤੇ ਜਲਦੀ ਹੀ ਇਸ ਬਾਰੇ ਕੋਈ ਫੈਸਲਾ ਲਵੇਗੀ। ਬਾਰਸ਼ ਦੌਰਾਨ ਟੁੱਟ ਗਏ ਦਭੋਟਾ ਪੁਲ ਬਾਰੇ ਉਨ੍ਹਾਂ ਕਿਹਾ ਕਿ ਇਹ ਪੁਲ ਪੰਜਾਬ ਸਰਕਾਰ ਦੇ ਅਧੀਨ ਹੈ। ਹਿਮਾਚਲ ਦੇ ਲੋਕ ਇਸ ਤੋਂ ਜ਼ਿਆਦਾ ਪ੍ਰਭਾਵਿਤ ਹਨ। ਇਸ ਲਈ ਇਹ ਮਾਮਲਾ ਪੰਜਾਬ ਸਰਕਾਰ ਕੋਲ ਉਠਾਇਆ ਜਾਵੇਗਾ।