ਕੇਰਲ ਦੇ ਪਿੰਡ ’ਚ ਜ਼ਮੀਨ ’ਚੋਂ ਸੁਣਾਈ ਦੇ ਰਹੀਆਂ ਰਹੱਸਮਈ ਆਵਾਜ਼ਾਂ

06/03/2023 3:42:12 PM

ਕੋਟਯਮ (ਕੇਰਲ), (ਭਾਸ਼ਾ)- ਕੇਰਲ ’ਚ ਕੋਟਯਮ ਜ਼ਿਲੇ ਦੇ ਇਕ ਛੋਟੇ ਜਿਹੇ ਪਿੰਡ ’ਚ ਰਹਿ ਰਹੇ ਲੋਕ ਉਸ ਸਮੇਂ ਚਿੰਤਤ ਹੋ ਗਏ, ਜਦੋਂ ਉਨ੍ਹਾਂ ਨੂੰ ਜ਼ਮੀਨ ਹੇਠੋਂ ਰਹੱਸਮਈ ਆਵਾਜ਼ਾਂ ਸੁਣਾਈ ਦਿੱਤੀਆਂ। ਕੋਟਯਮ ਦੇ ਚੇਨਾਪਡੀ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੁੱਕਰਵਾਰ ਤੜਕੇ 2 ਵਾਰ ਬਹੁਤ ਤੇਜ਼ ਆਵਾਜ਼ਾਂ ਸੁਣਾਈ ਦਿੱਤੀਆਂ।

ਉਨ੍ਹਾਂ ਦੱਸਿਆ ਕਿ ਇਸ ਹਫ਼ਤੇ ਦੀ ਸ਼ੁਰੂਆਤ ’ਚ ਵੀ ਪਿੰਡ ਅਤੇ ਇਸਦੇ ਆਲੇ-ਦੁਆਲੇ ਇਸ ਤਰ੍ਹਾਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਸਨ। ਪਿੰਡ ਵਾਸੀਆਂ ਨੇ ਦੱਸਿਆ ਕਿ ਆਲੇ-ਦੁਆਲੇ ਦੇ ਵਾਤਾਵਰਣ ’ਚ ਕੋਈ ਬਦਲਾਅ ਨਜ਼ਰ ਨਹੀਂ ਆਉਂਦਾ ਅਤੇ ਸਿਰਫ ਵਿਗਿਆਨਕ ਅਧਿਐਨ ਤੋਂ ਹੀ ਪਤਾ ਲੱਗ ਸਕਦਾ ਹੈ ਕਿ ਜ਼ਮੀਨ ਦੇ ਹੇਠੋਂ ਇਸ ਤਰ੍ਹਾਂ ਦੀਆਂ ਆਵਾਜ਼ਾਂ ਆਉਣ ਦਾ ਕਾਰਨ ਕੀ ਹੈ।

ਕੇਰਲ ਮਾਈਨਿੰਗ ਅਤੇ ਭੂ-ਵਿਗਿਆਨ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਮਾਹਿਰ ਟੀਮ ਛੇਤੀ ਹੀ ਇਲਾਕੇ ਦੀ ਜਾਂਚ ਕਰੇਗੀ। ਵਿਭਾਗ ਦੇ ਇਕ ਸੂਤਰ ਨੇ ਕਿਹਾ ਕਿ ਜਦੋਂ ਇਸ ਹਫ਼ਤੇ ਦੀ ਸ਼ੁਰੂਆਤ ’ਚ ਆਵਾਜ਼ਾਂ ਸੁਣਾਈ ਦਿੱਤੀਆਂ ਸਨ, ਉਨ੍ਹਾਂ ਨੇ ਉਦੋਂ ਇਲਾਕੇ ਦਾ ਮੁਆਇਨਾ ਕੀਤਾ ਸੀ। ਸੂਤਰ ਨੇ ਦੱਸਿਆ ਕਿ ਅੱਜ ਫਿਰ ਇਸ ਤਰ੍ਹਾਂ ਦੀ ਜ਼ੋਰਦਾਰ ਆਵਾਜ਼ਾਂ ਸੁਣਾਈ ਦੇਣ ਦੀਆਂ ਖਬਰਾਂ ਦੇ ਆਧਾਰ ’ਤੇ ਸਾਡੇ ਮਾਹਿਰ ਮੁੜ ਜਗ੍ਹਾ ਦਾ ਜਾਂਚ ਕਰਨਗੇ। ਉਸ ਨੇ ਨਾਲ ਹੀ ਕਿਹਾ ਕਿ ਜ਼ਮੀਨ ਦੀ ਸੱਤ੍ਹਾ ਹੇਠੋਂ ਵਾਰ-ਵਾਰ ਇਸ ਤਰ੍ਹਾਂ ਦੀਆਂ ਆਵਾਜ਼ਾਂ ਆਉਣ ਦਾ ਅਸਲ ਕਾਰਨ ਉਦੋਂ ਪਤਾ ਲੱਗ ਸਕਦਾ ਹੈ, ਜਦੋਂ ਧਰਤੀ ਵਿਗਿਆਨ ਕੇਂਦਰ (ਸੀ. ਈ. ਐੱਸ.) ਇਸ ਨੂੰ ਲੈ ਕੇ ਵਿਸਤ੍ਰਿਤ ਵਿਗਿਆਨਕ ਅਧਿਐਨ ਕਰੇ।


Rakesh

Content Editor

Related News