''ਮੈਨੂੰ ਆਪਣੀ ਪਤਨੀ ਨੂੰ ਦੇਖਣਾ ਪਸੰਦ ਹੈ'', 90 ਘੰਟੇ ਕੰਮ ਵਾਲੇ ਵਿਵਾਦ ਨੂੰ ਆਨੰਦ ਮਹਿੰਦਰਾ ਨੇ ਦਿੱਤੀ ਨਵੀਂ ਦਿਸ਼ਾ
Saturday, Jan 11, 2025 - 09:22 PM (IST)
ਨਵੀਂ ਦਿੱਲੀ- ਲਾਰਸਨ ਐਂਡ ਟਬਰੋ (L&T) ਦੇ ਚੇਅਰਮੈਨ ਐੱਸ.ਐੱਨ. ਸੁਬਰਾਮਨੀਅਨ ਦੇ 'ਹਫ਼ਤੇ ਵਿੱਚ 90 ਘੰਟੇ ਕੰਮ ਕਰਨ' ਦੇ ਬਿਆਨ 'ਤੇ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸੁਬਰਾਮਨੀਅਨ ਨੇ ਇਹ ਸਲਾਹ ਆਪਣੇ ਕਰਮਚਾਰੀਆਂ ਨਾਲ ਹਾਲ ਹੀ ਵਿੱਚ ਇੱਕ ਔਨਲਾਈਨ ਗੱਲਬਾਤ ਵਿੱਚ ਦਿੱਤੀ। ਉਨ੍ਹਾਂ ਕਿਹਾ ਕਿ ਜੇ ਸੰਭਵ ਹੋਇਆ ਤਾਂ ਕੰਪਨੀ ਤੁਹਾਨੂੰ ਐਤਵਾਰ ਨੂੰ ਵੀ ਕੰਮ ਕਰਵਾਏਗੀ।
ਸੁਬਰਾਮਨੀਅਮ ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਨਾਰਾਜ਼ਗੀ ਦੇਖਣ ਨੂੰ ਮਿਲੀ। ਇਸ ਦੌਰਾਨ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਇਸ 'ਤੇ ਆਪਣੀ ਰਾਏ ਦੇ ਕੇ ਇਸ ਮੁੱਦੇ ਨੂੰ ਹੋਰ ਗਰਮਾ ਦਿੱਤਾ। ਉਨ੍ਹਾਂ ਕੰਮ ਦੀ ਗੁਣਵੱਤਾ ਨੂੰ ਪਹਿਲ ਦੇਣ ਦੀ ਗੱਲ ਕਹੀ ਹੈ ਅਤੇ ਕਿਹਾ ਕਿ ਘੰਟਿਆਂ ਦੇ ਜ਼ੋਰ ਦੇਣ ਦੀ ਬਜਾਏ ਆਉਟਪੁੱਟ 'ਤੇ ਧਿਆਨ ਦੇਣਾ ਚਾਹੀਦਾ ਹੈ।
'ਘੰਟਿਆਂ ਤੋਂ ਜ਼ਿਆਦਾ ਆਊਟਪੁਟ ਮਾਇਨੇ ਰੱਖਦਾ ਹੈ'
ਇੱਕ ਪ੍ਰੋਗਰਾਮ ਵਿੱਚ ਆਨੰਦ ਮਹਿੰਦਰਾ ਨੇ ਕਿਹਾ ਕਿ ਇਹ ਬਹਿਸ ਗਲਤ ਦਿਸ਼ਾ ਵਿੱਚ ਜਾ ਰਹੀ ਹੈ। ਇਹ ਘੰਟਿਆਂ ਦੀ ਗਿਣਤੀ ਨਹੀਂ ਹੋਣੀ ਚਾਹੀਦੀ, ਸਗੋਂ ਕੰਮ ਦੀ ਆਉਟਪੁੱਟ 'ਤੇ ਹੋਣੀ ਚਾਹੀਦੀ ਹੈ। ਭਾਵੇਂ ਇਹ 40 ਘੰਟੇ ਹੋਣ ਜਾਂ 90 ਘੰਟੇ, ਸਵਾਲ ਇਹ ਹੈ ਕਿ ਤੁਸੀਂ ਕੀ ਆਉਟਪੁੱਟ ਦੇ ਰਹੇ ਹੋ? ਜੇਕਰ ਤੁਸੀਂ ਘਰ ਵਿੱਚ ਪਰਿਵਾਰ ਜਾਂ ਦੋਸਤਾਂ ਨਾਲ ਸਮਾਂ ਨਹੀਂ ਬਿਤਾ ਰਹੇ, ਪੜ੍ਹਾਈ ਨਹੀਂ ਕਰ ਰਹੇ ਜਾਂ ਸੋਚਣ ਲਈ ਸਮਾਂ ਨਹੀਂ ਹੈ, ਤਾਂ ਤੁਸੀਂ ਸਹੀ ਫੈਸਲੇ ਕਿਵੇਂ ਲਓਗੇ? ਉਨ੍ਹਾਂ ਅੱਗੇ ਕਿਹਾ ਕਿ ਚੰਗੀ ਜ਼ਿੰਦਗੀ ਅਤੇ ਸਹੀ ਫੈਸਲੇ ਲੈਣ ਲਈ ਸੰਤੁਲਿਤ ਜੀਵਨ ਜ਼ਰੂਰੀ ਹੈ। ਤੁਸੀਂ ਹਰ ਵੇਲੇ ਇੱਕੋ ਸੁਰੰਗ ਵਿੱਚ ਨਹੀਂ ਰਹਿ ਸਕਦੇ।
ਮੈਨੂੰ ਆਪਣੀ ਪਤਨੀ ਨੂੰ ਦੇਖਣਾ ਚੰਗਾ ਲਗਦਾ ਹੈ
ਸੋਸ਼ਲ ਮੀਡੀਆ 'ਤੇ ਆਪਣੀ ਗਤੀਵਿਧੀ ਬਾਰੇ ਸਵਾਲਾਂ 'ਤੇ ਮਹਿੰਦਰਾ ਨੇ ਕਿਹਾ ਕਿ ਮੈਨੂੰ ਅਕਸਰ ਪੁੱਛਿਆ ਜਾਂਦਾ ਹੈ ਕਿ ਮੈਂ ਸੋਸ਼ਲ ਮੀਡੀਆ 'ਤੇ ਕਿੰਨਾ ਸਮਾਂ ਬਿਤਾਉਂਦਾ ਹਾਂ। ਮੈਂ ਚਾਹੁੰਦਾ ਹਾਂ ਕਿ ਲੋਕ ਜਾਣ ਲੈਣ ਕਿ ਮੈਂ X (ਪਹਿਲਾਂ ਟਵਿੱਟਰ) ਜਾਂ ਸੋਸ਼ਲ ਮੀਡੀਆ 'ਤੇ ਇਸ ਲਈ ਨਹੀਂ ਹਾਂ ਕਿ ਮੈਂ ਇਕੱਲਾ ਹਾਂ। ਮੇਰੀ ਪਤਨੀ ਚੰਗੀ ਹੈ, ਮੈਨੂੰ ਉਸਨੂੰ ਦੇਖਣਾ ਪਸੰਦ ਹੈ। ਮੈਂ ਇੱਥੇ ਦੋਸਤ ਬਣਾਉਣ ਨਹੀਂ ਸਗੋਂ ਸੋਸ਼ਲ ਮੀਡੀਆ ਨੂੰ ਕਾਰੋਬਾਰੀ ਸਾਧਨ ਵਜੋਂ ਵਰਤਣ ਲਈ ਆਇਆ ਹਾਂ।
ਸੁਬਰਾਮਨੀਅਮ ਦੇ ਬਿਆਨ ਨੇ ਛੇੜੀ ਬਹਿਸ
ਇਸ ਤੋਂ ਪਹਿਲਾਂ ਐੱਲ ਐਂਡ ਟੀ ਦੇ ਚੇਅਰਮੈਨ ਸੁਬਰਾਮਨੀਅਮ ਨੇ ਆਪਣੇ ਬਿਆਨ 'ਚ ਕਿਹਾ ਸੀ ਕਿ ਐਤਵਾਰ ਨੂੰ ਤੁਸੀਂ ਘਰ ਬੈਠ ਕੇ ਕੀ ਕਰੋਗੇ? ਤੁਸੀਂ ਆਪਣੀ ਪਤਨੀ ਨੂੰ ਕਦੋਂ ਤਕ ਦੇਖੋਗੇ? ਪਤਨੀਆਂ ਆਪਣੇ ਪਤੀਆਂ ਨੂੰ ਕਦੋਂ ਤਕ ਦੇਖਣਗੀਆਂ? ਦਫਤਰ ਜਾਓ ਅਤੇ ਕੰਮ ਸ਼ੁਰੂ ਕਰੋ। ਉਨ੍ਹਾਂ ਦੇ ਇਸ ਬਿਆਨ 'ਤੇ ਕਈ ਲੋਕਾਂ ਨੇ ਨਾਰਾਜ਼ਗੀ ਜਤਾਈ ਸੀ।
ਮਹਿੰਦਰਾ ਦਾ ਬਿਆਨ ਵਾਇਰਲ
ਆਨੰਦ ਮਹਿੰਦਰਾ ਨੇ ਇਸ ਬਹਿਸ ਨੂੰ ਨਵੀਂ ਦਿਸ਼ਾ ਦਿੰਦੇ ਹੋਏ ਕਿਹਾ ਕਿ ਕੰਮ ਦੀ ਮਾਤਰਾ ਤੋਂ ਜ਼ਿਆਦਾ ਉਸ ਦੀ ਗੁਣਵੱਤਾ ਮਾਇਨੇ ਰੱਖਦੀ ਹੈ। ਉਨ੍ਹਾਂ ਦਾ ਇਹ ਬਿਆਨ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸਨੂੰ ਖੂਬ ਪੰਸਦ ਕਰ ਰਹੇ ਹਨ।