ਸਾਬ੍ਹ ਮੈਂ ਜ਼ਿੰਦਾ ਹਾਂ! ਖ਼ੁਦ ਨੂੰ ਜ਼ਿੰਦਾ ਸਾਬਤ ਕਰਨ ਲਈ ਔਰਤ ਕੱਟ ਰਹੀ ਦਫ਼ਤਰਾ ਦੇ ਚੱਕਰ
Saturday, May 17, 2025 - 04:05 PM (IST)

ਯਮੁਨਾਨਗਰ- ਇਕ ਮੁਸਲਿਮ ਔਰਤ ਲਈ 'ਤਿੰਨ ਤਲਾਕ' ਉਸ ਸਮੇਂ ਮੌਤ ਦਾ ਸਬੱਬ ਬਣ ਗਿਆ ਹੈ, ਜਦੋਂ ਔਰਤ ਸ਼ਮੀਨਾ ਦੇ ਪਤੀ ਨੇ ਤਿੰਨ ਤਲਾਕ ਦੇ ਕੇ ਉਸ ਨੂੰ ਘਰੋਂ ਕੱਢ ਦਿੱਤਾ, ਸਗੋਂ ਉਸ ਦੇ ਸਰਕਾਰੀ ਦਸਤਾਵੇਜ਼ਾਂ ਤੋਂ ਉਸ ਦਾ ਨਾਂ ਕੱਟਵਾ ਕੇ ਮ੍ਰਿਤਕ ਐਲਾਨ ਕਰ ਕੇ ਉਸ ਦਾ ਮੌਤ ਦਾ ਸਰਟੀਫ਼ਿਕੇਟ ਤੱਕ ਬਣਵਾ ਦਿੱਤਾ। ਹੁਣ ਇਹ ਔਰਤ ਆਪਣੇ ਆਪ ਨੂੰ ਜ਼ਿੰਦਾ ਸਾਬਤ ਕਰਨ ਲਈ ਵਿਭਾਗਾਂ ਦੇ ਚੱਕਰ ਕੱਟ-ਕੱਟ ਕੇ ਥੱਕ ਚੁੱਕੀ ਹੈ। ਹੁਣ ਆਖਰਕਾਰ ਇਸ ਔਰਤ ਨੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਪਾਰਥ ਗੁਪਤਾ ਅਤੇ ਪੁਲਸ ਸੁਪਰਡੈਂਟ ਯਮੁਨਾਨਗਰ ਕੋਲ ਆਪਣੀ ਬੇਨਤੀ ਲੈ ਕੇ ਇਸ ਉਮੀਦ ਨਾਲ ਪਹੁੰਚ ਕੀਤੀ ਹੈ ਕਿ ਉਸ ਨੂੰ ਇਨਸਾਫ਼ ਮਿਲੇਗਾ।
ਪੀੜਤਾ ਦਾ ਦੋਸ਼ ਹੈ ਕਿ ਉਸ ਦੇ ਪਤੀ ਨੇ ਉਸ ਨੂੰ "ਤਿੰਨ ਤਲਾਕ" ਦੇ ਦਿੱਤਾ ਅਤੇ ਘਰੋਂ ਕੱਢ ਦਿੱਤਾ ਅਤੇ ਫਿਰ ਉਸ ਦੇ ਸਹੁਰੇ ਅਤੇ ਹੋਰ ਸਾਥੀਆਂ ਨਾਲ ਮਿਲ ਕੇ ਉੱਤਰ ਪ੍ਰਦੇਸ਼ ਦੇ ਸਰਸਾਵਾ ਸਿਹਤ ਕੇਂਦਰ ਤੋਂ ਉਸ ਦੇ ਨਾਮ 'ਤੇ ਇਕ ਜਾਅਲੀ ਮੌਤ ਦਾ ਸਰਟੀਫਿਕੇਟ ਬਣਵਾਇਆ। ਇਸ ਤੋਂ ਬਾਅਦ ਉਸ ਦਾ ਨਾਮ ਉਸ ਦੀ ਪਛਾਣ ਨਾਲ ਸਬੰਧਤ ਸਾਰੇ ਸਰਕਾਰੀ ਦਸਤਾਵੇਜ਼ਾਂ - ਪਰਿਵਾਰਕ ਪਛਾਣ ਪੱਤਰ, ਰਾਸ਼ਨ ਕਾਰਡ, ਆਦਿ ਤੋਂ ਹਟਾ ਦਿੱਤਾ ਗਿਆ ਅਤੇ ਉਸ ਦੀ ਜਗ੍ਹਾ ਉਸ ਦਾ ਜਾਅਲੀ ਮੌਤ ਸਰਟੀਫਿਕੇਟ ਨੂੰ ਲਗਾ ਦਿੱਤਾ ਗਿਆ।
ਸ਼ਮੀਨਾ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੱਸਿਆ ਕਿ ਉਹ ਜ਼ਿੰਦਾ ਹੈ ਅਤੇ ਜ਼ਿੰਦਾ ਹੋਣ ਤੋਂ ਬਾਅਦ ਵੀ ਉਹ ਇਨਸਾਫ਼ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੀ ਹੈ। ਉਸ ਨੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਨੂੰ ਆਪਣੇ ਜ਼ਿੰਦਾ ਹੋਣ ਦੇ ਸਬੂਤ ਪੇਸ਼ ਕੀਤੇ ਹਨ ਅਤੇ ਮੰਗ ਕੀਤੀ ਹੈ ਕਿ ਇਸ ਸਾਜ਼ਿਸ਼ ਵਿਚ ਸ਼ਾਮਲ ਸਾਰੇ ਦੋਸ਼ੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪੀੜਤਾ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕਿਸੇ ਜ਼ਿੰਦਾ ਇਨਸਾਨ ਨੂੰ ਮ੍ਰਿਤਕ ਐਲਾਨਣਾ ਨਾ ਸਿਰਫ਼ ਇਕ ਅਣਮਨੁੱਖੀ ਕਾਰਵਾਈ ਹੈ, ਸਗੋਂ ਇਕ ਗੰਭੀਰ ਅਪਰਾਧ ਵੀ ਹੈ। ਉਸ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਪ੍ਰਸ਼ਾਸਨ ਜਲਦੀ ਹੀ ਇਸ ਮਾਮਲੇ 'ਚ ਸੱਚਾਈ ਦਾ ਖੁਲਾਸਾ ਕਰੇਗਾ ਅਤੇ ਉਸ ਨੂੰ ਇਨਸਾਫ਼ ਦਿਵਾਏਗਾ।