ਹਿੰਦੂ-ਮੁਸਲਿਮ ਏਕਤਾ ਦੀ ਮਿਸਾਲ; ਹਨੂੰਮਾਨ ਮੰਦਰ ਲਈ ਮੁਸਲਿਮ ਸ਼ਖ਼ਸ ਨੇ ਦਾਨ ਕੀਤੀ ਜ਼ਮੀਨ
Wednesday, Oct 12, 2022 - 04:01 PM (IST)
ਸ਼ਾਹਜਹਾਂਪੁਰ- ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ਵਿਚ ਇਕ ਮੁਸਲਿਮ ਵਿਅਕਤੀ ਨੇ ਆਪਣੀ ਜ਼ਮੀਨ ਦਾ ਇਕ ਹਿੱਸਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਾਨ ਕਰ ਦਿੱਤਾ ਹੈ, ਤਾਂ ਕਿ ਨੈਸ਼ਨਲ ਹਾਈਵੇਅ ਦੇ ਰਾਹ ’ਚ ਆ ਰਹੇ ਮੰਦਰ ਨੂੰ ਉੱਥੋਂ ਤਬਦੀਲ ਕੀਤਾ ਜਾ ਸਕੇ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਰਾਮਸੇਵਕ ਦ੍ਰਿਵੇਦੀ ਨੇ ਦੱਸਿਆ ਕਿ ਦਿੱਲੀ-ਲਖਨਊ ਨੈਸ਼ਨਲ ਹਾਈਵੇਅ ਨੂੰ ਚੌੜਾ ਕੀਤਾ ਜਾ ਰਿਹਾ ਹੈ ਅਤੇ ਮੰਦਰ ਕਾਰਨ ਇਸ ਪ੍ਰਾਜੈਕਟ ਨੂੰ ਚੌੜਾ ਕਰਨ ’ਚ ਮੁਸ਼ਕਲ ਪੇਸ਼ ਆ ਰਹੀ ਹੈ। ਇਸ ਗੱਲ ਨੂੰ ਸਮਝਦੇ ਹੋਏ ਮੁਸਲਿਮ ਵਿਅਕਤੀ ਬਾਬੂ ਅਲੀ ਨੇ ਪ੍ਰਾਜੈਕਟ ਕੋਲ ਸਥਿਤ ਇਕ ਬਿੱਘਾ (0.65 ਹੈਕਟੇਅਰ) ਜ਼ਮੀਨ ਪ੍ਰਸ਼ਾਸਨ ਨੂੰ ਦੇ ਦਿੱਤੀ, ਤਾਂ ਕਿ ਮੰਦਰ ਨੂੰ ਉੱਥੋਂ ਤਬਦੀਲ ਕੀਤਾ ਜਾ ਸਕੇ।
ਉਪ ਜ਼ਿਲ੍ਹਾ ਅਧਿਕਾਰੀ ਰਾਸ਼ੀ ਕ੍ਰਿਸ਼ਨਾ ਨੇ ਦੱਸਿਆ ਕਿ ਬਾਬੂ ਅਲੀ ਵਲੋਂ ਆਪਣੀ ਜ਼ਮੀਨ ਨੂੰ ਪ੍ਰਸ਼ਾਸਨ ਦੇ ਨਾਂ ਕੀਤਾ ਗਿਆ ਹੈ, ਜਿਸ ’ਚ ਉਨ੍ਹਾਂ ਨੇ ਦਸਤਖ਼ਤ ਕੀਤੇ ਹਨ। ਇਸ ਜ਼ਮੀਨ ’ਤੇ ਹਨੂੰਮਾਨ ਮੰਦਰ ਨੂੰ ਤਬਦੀਲ ਕੀਤਾ ਜਾਵੇਗਾ। ਉਨ੍ਹਾਂ ਨੇ ਗੰਗਾ-ਜਮੁਨੀ ਤਹਜ਼ੀਬ ਨੂੰ ਬਣਾ ਕੇ ਰੱਖਦੇ ਹੋਏ ਹਿੰਦੂ-ਮੁਸਲਿਮ ਏਕਤਾ ਦੀ ਮਿਸਾਲ ਕਾਇਮ ਕਰਨ ਲਈ ਬਾਬੂ ਅਲੀ ਦੀ ਪ੍ਰਸ਼ੰਸਾ ਕੀਤੀ ਹੈ।