ਹਾਈ ਕੋਰਟ ਦਾ ਅਹਿਮ ਫੈਸਲਾ : ਇਕ ਤੋਂ ਵੱਧ ਵਿਆਹ ਰਜਿਸਟਰ ਕਰਵਾ ਸਕਦੇ ਹਨ ਮੁਸਲਿਮ ਮਰਦ

Wednesday, Oct 23, 2024 - 12:13 AM (IST)

ਹਾਈ ਕੋਰਟ ਦਾ ਅਹਿਮ ਫੈਸਲਾ : ਇਕ ਤੋਂ ਵੱਧ ਵਿਆਹ ਰਜਿਸਟਰ ਕਰਵਾ ਸਕਦੇ ਹਨ ਮੁਸਲਿਮ ਮਰਦ

ਮੁੰਬਈ, (ਭਾਸ਼ਾ)- ਬੰਬੇ ਹਾਈ ਕੋਰਟ ਨੇ ਕਿਹਾ ਹੈ ਕਿ ਮੁਸਲਿਮ ਮਰਦ ਇਕ ਤੋਂ ਵੱਧ ਵਿਆਹ ਰਜਿਸਟਰ ਕਰਵਾ ਸਕਦੇ ਹਨ ਕਿਉਂਕਿ ਉਨ੍ਹਾਂ ਦਾ ‘ਪਰਸਨਲ ਲਾਅ’ ਬਹੁ-ਵਿਆਹ ਦੀ ਇਜਾਜ਼ਤ ਦਿੰਦਾ ਹੈ।

ਅਦਾਲਤ ਨੇ ਇਹ ਟਿੱਪਣੀ ਇਕ ਮੁਸਲਿਮ ਵਿਅਕਤੀ ਤੇ ਉਸ ਦੀ ਤੀਜੀ ਪਤਨੀ ਦੀ ਉਸ ਪਟੀਸ਼ਨ ’ਤੇ ਕੀਤੀ ਹੈ, ਜਿਸ ’ਚ ਅਧਿਕਾਰੀਆਂ ਨੂੰ ਤੀਜੇ ਵਿਆਹ ਨੂੰ ਰਜਿਸਟਰ ਕਰਨ ਲਈ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ।

ਜਸਟਿਸ ਬੀ. ਪੀ, ਕੋਲਾਬਾਵਾਲਾ ਤੇ ਸੋਮਸ਼ੇਖਰ ਸੁੰਦਰੇਸਨ ਦੀ ਡਿਵੀਜ਼ਨ ਬੈਂਚ ਨੇ 15 ਅਕਤੂਬਰ ਨੂੰ ਠਾਣੇ ਨਗਰ ਨਿਗਮ ਦੇ ਉਪ-ਵਿਆਹ ਰਜਿਸਟ੍ਰੇਸ਼ਨ ਦਫ਼ਤਰ ਨੂੰ ਪਿਛਲੇ ਸਾਲ ਫਰਵਰੀ ’ਚ ਉਕਤ ਮੁਸਲਿਮ ਵਿਅਕਤੀ ਵੱਲੋਂ ਦਾਇਰ ਅਰਜ਼ੀ ’ਤੇ ਫੈਸਲਾ ਕਰਨ ਦਾ ਨਿਰਦੇਸ਼ ਦਿੱਤਾ ਜਿਸ ’ਚ ਉਸ ਨੇ ਇਕ ਅਲਜੀਰੀਅਨ ਔਰਤ ਨਾਲ ਆਪਣਾ ਤੀਜਾ ਵਿਆਹ ਰਜਿਸਟਰ ਕਰਵਾਉਣ ਲਈ ਬੇਨਤੀ ਕੀਤੀ ਸੀ।

ਜੋੜੇ ਨੇ ਆਪਣੀ ਪਟੀਸ਼ਨ ’ਚ ਅਧਿਕਾਰੀਆਂ ਨੂੰ ਮੈਰਿਜ ਸਰਟੀਫਿਕੇਟ ਜਾਰੀ ਕਰਨ ਲਈ ਨਿਰਦੇਸ਼ ਦੇਣ ਦੀ ਮੰਗ ਕੀਤੀ ਸੀ ਤੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਕਿਉਂਕਿ ਪਟੀਸ਼ਨਰ ਦਾ ਤੀਜਾ ਵਿਆਹ ਸੀ।

ਅਧਿਕਾਰੀਆਂ ਨੇ ਇਸ ਆਧਾਰ ’ਤੇ ਵਿਆਹ ਨੂੰ ਰਜਿਸਟਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਕਿ ਮਹਾਰਾਸ਼ਟਰ ਮੈਰਿਜ ਬਿਊਰੋ ਰੈਗੂਲੇਸ਼ਨ ਤੇ ਮੈਰਿਜ ਰਜਿਸਟ੍ਰੇਸ਼ਨ ਐਕਟ ਅਧੀਨ ਵਿਆਹ ਦੀ ਪਰਿਭਾਸ਼ਾ ਵਿਚ ਸਿਰਫ ਇਕ ਵਿਆਹ ਸ਼ਾਮਲ ਹੈ ਨਾ ਕਿ ਕਈ ਵਿਆਹ।


author

Rakesh

Content Editor

Related News