50 ਲੱਖ ਰੁਪਏ ਦੇ ਬੀਮੇ ਲਈ ਖੁਦ ਦਾ ਕਰਵਾਇਆ ਕਤਲ, ਦੋਸ਼ੀ ਗ੍ਰਿਫਤਾਰ
Tuesday, Sep 10, 2019 - 12:10 PM (IST)

ਜੈਪੁਰ—ਰਾਜਸਥਾਨ 'ਚ ਪੁਲਸ ਨੇ ਇਕ ਅਜਿਹੇ ਮਾਮਲੇ ਦਾ ਖੁਲਾਸਾ ਕੀਤਾ ਹੈ, ਜਿਸ ਨੂੰ ਸੁਣ ਕੇ ਤੁਸੀ ਵੀ ਹੈਰਾਨ ਹੋ ਜਾਵੋਗੇ। ਦਰਅਸਲ ਇਕ ਸ਼ਖਸ ਨੇ ਆਪਣੇ ਪਰਿਵਾਰ ਨੂੰ 50 ਲੱਖ ਰੁਪਏ ਦਾ ਬੀਮਾ ਦਿਵਾਉਣ ਲਈ ਖੁਦ ਨੂੰ ਮਾਰਨ ਲਈ ਦੋਸ਼ੀਆਂ ਨੂੰ 80,000 ਰੁਪਏ ਦੀ ਸੁਪਾਰੀ ਦਿੱਤੀ ਫਿਲਹਾਲ ਪੁਲਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦਰਅਸਲ ਰਾਜਸਥਾਨ 'ਚ ਭੀਲਵਾੜਾ ਦੇ ਮੰਗਰੋਪ ਇਲਾਕੇ 'ਚ ਬਲਬੀਰ ਸਿੰਘ ਨਾਂ ਦੇ ਸ਼ਖਸ ਦੀ ਲਾਸ਼ ਮਿਲੀ ਸੀ, ਜਿਸ ਦੇ ਹੱਥ-ਪੈਰ ਬੰਨ੍ਹੇ ਹੋਏ ਸਨ ਅਤੇ ਮੂੰਹ ਨੂੰ ਪਾਲੀਥੀਨ ਨਾਲ ਬੰਦ ਕੀਤਾ ਗਿਆ ਸੀ। ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਅਤੇ ਸਾਰੀ ਵਾਰਦਾਤ ਦੀ ਸਨਾਖਤ ਕੀਤੀ।
ਯੋਜਨਾ ਤਹਿਤ ਬਲਬੀਰ ਸਿੰਘ ਬਾਈਕ 'ਤੇ ਗੁਵਾਰੜੀ ਨਾਲੇ 'ਤੇ ਗਿਆ, ਜਿੱਥੇ ਉਸ ਨੇ ਆਪਣੇ ਪੈਰ ਬੰਨ੍ਹ ਲਏ ਅਤੇ ਫਿਰ ਦੋਸ਼ੀ ਸੁਨੀਲ ਨੇ ਹੱਥ ਬੰਨ੍ਹ ਦਿੱਤੇ। ਇਸ ਤੋਂ ਬਾਅਦ ਰੱਸੀ ਨਾਲ ਉਸ ਦਾ ਗਲਾ ਘੁੱਟ ਕੇ ਮਾਰ ਦਿੱਤਾ ਗਿਆ। ਦੋਸ਼ੀਆਂ ਨੇ ਬਲਬੀਰ ਦਾ ਕਤਲ ਕਰਕੇ ਕੇ ਲਾਸ਼ ਉੱਥੇ ਹੀ ਛੱਡ ਕੇ ਫਰਾਰ ਹੋ ਗਏ। ਇਸ ਤੋਂ ਬਾਅਦ ਪੁਲਸ ਨੇ ਜਾਂਚ 'ਚ ਖੁਲਾਸਾ ਕੀਤਾ ਕਿ ਮ੍ਰਿਤਕ ਵਿਅਕਤੀ ਨੇ ਪੂਰੇ ਹੱਤਿਆਕਾਂਡ ਦੀ ਸਾਜਿਸ਼ ਰਚੀ ਸੀ
ਪੁਲਸ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਮ੍ਰਿਤਕ ਬਲਬੀਰ ਸਿੰਘ ਨੇ ਵਿਆਜ 'ਤੇ ਪੈਸੇ ਦੇ ਕੇ ਕਮਾਈ ਦੇ ਲਾਲਚ 'ਚ ਆਪਣੀ ਸਾਰੀ ਜਾਇਦਾਦ ਵੇਚ ਦਿੱਤੀ ਸੀ ਪਰ ਵਿਆਜ ਨਾ ਮਿਲਣ ਕਾਰਨ ਬਲਬੀਰ ਸਿੰਘ 'ਤੇ ਕਾਫੀ ਕਰਜ਼ਾ ਸਿਰ ਚੜ੍ਹ ਗਿਆ। ਉਸ ਨੂੰ ਪਰਿਵਾਰ ਲਈ ਪਾਲਣ ਦਾ ਕੋਈ ਰਸਤਾ ਨਾ ਮਿਲਣ ਕਾਰਨ ਆਪਣਾ ਬੀਮਾ ਕਰਵਾ ਲਿਆ ਅਤੇ ਫਿਰ ਕਤਲ ਦੀ ਸਾਜ਼ਿਸ਼ ਰਚੀ, ਤਾਂ ਜੋ ਮੌਤ ਤੋਂ ਬਾਅਦ ਬੀਮੇ ਦੀ ਰਾਸ਼ੀ ਉਸ ਦੇ ਪਰਿਵਾਰ ਨੂੰ ਮਿਲ ਸਕੇ। ਪੁਲਸ ਨੇ ਸਾਰੇ ਮਾਮਲੇ ਦੀ ਜਾਂਚ ਕਰਕੇ ਦੋਸ਼ੀ ਰਾਜਵੀਰ ਅਤੇ ਸੁਨੀਲ ਕੁਮਾਰ ਯਾਦਵ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।