ਮੱਧ ਪ੍ਰਦੇਸ਼ : ਖੇਤ ’ਚ ਸੌਂ ਰਹੇ 2 ਕਿਸਾਨਾਂ ਦੀ ਗਲ਼ ਵੱਢ ਕੇ ਹੱਤਿਆ
Wednesday, Oct 20, 2021 - 03:54 PM (IST)
ਨਿਵਾੜੀ- ਮੱਧ ਪ੍ਰਦੇਸ਼ ਦੇ ਨਿਵਾੜੀ ਜ਼ਿਲ੍ਹੇ ’ਚ ਖੇਤ ’ਚ ਰੱਖਵਾਲੀ ਕਰ ਰਹੇ 2 ਕਿਸਾਨਾਂ ਦੀ ਅਣਪਛਾਤੇ ਬਦਮਾਸ਼ਾਂ ਨੇ ਗਲ਼ ਵੱਢ ਕੇ ਹੱਤਿਆ ਕਰ ਦਿੱਤੀ। ਇਹ ਘਟਨਾ ਨਿਵਾੜੀ ਜ਼ਿਲ੍ਹਾ ਹੈੱਡ ਕੁਆਰਟਰ ਤੋਂ ਕਰੀਬ 23 ਕਿਲੋਮੀਟਰ ਦੂਰ ਪ੍ਰਿਥਵੀਪੁਰ ਵਿਧਾਨ ਸਭਾ ਖੇਤਰ ਦੇ ਲੜਵਾਰੀ ਖਾਸ ’ਚ ਮੰਗਲਵਾਰ-ਬੁੱਧਵਾਰ ਰਾਤ ਨੂੰ ਹੋਈ। ਐਡੀਸ਼ਨਲ ਪੁਲਸ ਸੁਪਰਡੈਂਟ ਸੁਰੇਂਦਰ ਪਾਲ ਸਿੰਘ ਡਾਵਰ ਨੇ ਬੁੱਧਵਾਰ ਨੂੰ ਦੱਸਿਆ ਕਿ ਸੂਰੀ ਕੇਵਟ (50) ਅਤੇ ਕਾਸ਼ੀ (40) ਮੂੰਗਫਲੀ ਦੇ ਖੇਤਾਂ ਦੀ ਰੱਖਵਾਲੀ ਲਈ ਰਾਤ ਨੂੰ ਖੇਤ ’ਚ ਰਹਿੰਦੇ ਸਨ ਅਤੇ ਉਸ ਦੌਰਾਨ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰ ਨਾਲ ਗਲ਼ ਵੱਢ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ। ਉਨ੍ਹਾਂ ਕਿਹਾ ਕਿ ਘਟਨਾ ਦੇ ਸਮੇਂ ਦੋਵੇਂ ਕਿਸਾਨ ਲਭਗ 100 ਮੀਟਰ ਦੀ ਦੂਰੀ ’ਤੇ ਆਪਣੀ-ਆਪਣੀ ਝੌਂਪੜੀ ’ਚ ਸੌਂ ਰਹੇ ਸਨ।
ਇਹ ਵੀ ਪੜ੍ਹੋ : ਫ਼ੌਜ ਨੇ ਬਰਫ਼ਬਾਰੀ ’ਚ ਫਸੇ 205 ਲੋਕਾਂ ਨੂੰ ਬਚਾਇਆ, ਦਿੱਤੀ ਗਈ ਮੈਡੀਕਲ ਸਹੂਲਤ
ਡਾਵਰ ਨੇ ਦੱਸਿਆ ਕਿ ਮੌਕੇ ’ਤੇ ਜਾਂਚ ’ਚ ਫਿਲਹਾਲ ਪੁਲਸ ਨੂੰ ਅਜਿਹਾ ਕੋਈ ਸਬੂਤ ਨਹੀਂ ਮਿਲਿਆ। ਜਿਸ ਦੇ ਆਧਾਰ ’ਤੇ ਦੋਸ਼ੀਆਂ ਦੀ ਗਿਣਤੀ ਦਾ ਪਤਾ ਲੱਗ ਸਕੇ। ਉੱਥੇ ਹੀ ਪ੍ਰਿਥਵੀਪੁਰ ਦੇ ਸਬ ਡਿਵੀਜ਼ਨਲ ਅਧਿਕਾਰੀ ਪੁਲਸ ਸੰਤੋਸ਼ ਪਟੇਲ ਨੇ ਦੱਸਿਆ ਕਿ ਸ਼ੁਰੂਆਤੀ ਪੁੱਛ-ਗਿੱਛ ’ਚ ਪਤਾ ਲੱਗਾ ਹੈ ਕਿ ਸੂਰੀ ਅਤੇ ਕਾਸ਼ੀ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਸੀ ਅਤੇ ਦੋਵੇਂ ਸਿੱਧੇ-ਸਾਧੇ ਕਿਸਾਨ ਸਨ। ਉਹ ਖੇਤ ਕੱਲੂ ਸਾਹੂ ਦੇ ਹਨ, ਜਿੱਥੇ ਦੋਵੇਂ ਮੂੰਗਫਲੀ ਦੀ ਖੇਤੀ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਇਸ ਸੰਬੰਧ ’ਚ ਪ੍ਰਿਥਵੀਪੁਰ ਪੁਲਸ ਥਾਣੇ ’ਚ ਅਣਪਛਾਤੇ ਦੋਸ਼ੀਆਂ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ