ACP ਦੇ ਪੁੱਤਰ ਦਾ ਕਤਲ : ਹਰਿਆਣਾ ਦੀ ਨਹਿਰ ''ਚੋਂ ਬਰਾਮਦ ਹੋਈ ਲਾਸ਼

Monday, Jan 29, 2024 - 10:40 AM (IST)

ਨਵੀਂ ਦਿੱਲੀ (ਭਾਸ਼ਾ)- ਦਿੱਲੀ ਪੁਲਸ ਨੇ ਸਹਾਇਕ ਪੁਲਸ ਕਮਿਸ਼ਨਰ (ਏ.ਸੀ.ਪੀ.) ਦੇ ਪੁੱਤਰ ਦੀ ਲਾਸ਼ ਬਰਾਮਦ ਕਰ ਲਈ ਹੈ ਅਤੇ ਮੁੱਖ ਦੋਸ਼ੀ ਵਿਕਾਸ ਭਾਰਦਵਾਜ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਏ.ਸੀ.ਪੀ. ਦੇ ਪੁੱਤਰ ਨੂੰ ਵਿੱਤੀ ਵਿਵਾਦ ਨੂੰ ਲੈ ਕੇ ਉਸ ਦੇ 2 ਦੋਸਤਾਂ ਨੇ ਹਰਿਆਣਾ ਦੀ ਨਹਿਰ ਵਿਚ ਧੱਕਾ ਦੇ ਦਿੱਤਾ ਸੀ। ਪੁਲਸ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੇ ਇਕ ਵਿਆਹ ਤੋਂ ਪਰਤਦੇ ਸਮੇਂ ਏ.ਸੀ.ਪੀ. ਦੇ ਪੁੱਤਰ ਨੂੰ ਨਹਿਰ ਵਿਚ ਧੱਕਾ ਦੇ ਦਿੱਤਾ ਸੀ। ਮੁਲਜ਼ਮਾਂ ਵਿਚੋਂ ਇਕ ਤੀਸ ਹਜ਼ਾਰੀ ਅਦਾਲਤ ਵਿਚ ਇਕ ਵਕੀਲ ਨਾਲ ਕਲਰਕ ਵਜੋਂ ਕੰਮ ਕਰਦਾ ਹੈ।

ਇਹ ਵੀ ਪੜ੍ਹੋ : ਦਿੱਲੀ ਦੇ ACP ਦੇ ਪੁੱਤ ਨੂੰ ਦੋਸਤਾਂ ਨੇ ਹਰਿਆਣਾ ਦੀ ਨਹਿਰ 'ਚ ਸੁੱਟਿਆ, ਭਾਲ ਜਾਰੀ

ਪੁਲਸ ਨੇ ਵੀਰਵਾਰ ਨੂੰ ਦੱਸਿਆ ਸੀ ਕਿ 26 ਸਾਲਾ ਲਕਸ਼ੈ ਚੌਹਾਨ ਆਪਣੇ 2 ਦੋਸਤਾਂ ਵਿਕਾਸ ਭਾਰਦਵਾਜ ਅਤੇ ਅਭਿਸ਼ੇਕ ਨਾਲ ਸੋਮਵਾਰ ਨੂੰ ਹਰਿਆਣਾ ਦੇ ਸੋਨੀਪਤ 'ਚ ਇਕ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਗਿਆ ਸੀ। ਉਸ ਨੇ ਦੱਸਿਆ ਕਿ ਜਦੋਂ ਉਹ ਅਗਲੇ ਦਿਨ ਘਰ ਨਹੀਂ ਪਰਤਿਆ ਤਾਂ ਉਸ ਦੇ ਪਿਤਾ ਏ.ਸੀ.ਪੀ. ਯਸ਼ਪਾਲ ਸਿੰਘ ਨੇ ਮੰਗਲਵਾਰ ਨੂੰ ਉਸ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ। ਸਿੰਘ ਬਾਹਰੀ-ਉੱਤਰੀ ਦਿੱਲੀ ਦੇ ਏ.ਸੀ.ਪੀ. (ਆਪ੍ਰੇਸ਼ਨ) ਵਜੋਂ ਤਾਇਨਾਤ ਹਨ। ਪੁਲਸ ਨੇ ਜਾਂਚ ਦੌਰਾਨ ਕੁਝ ਗੜਬੜੀ ਦਾ ਸ਼ੱਕ ਹੋਇਆ, ਜਿਸ ਤੋਂ ਬਾਅਦ ਸ਼ਿਕਾਇਤ ਨੂੰ ਅਗਵਾ ਦੀ ਐੱਫ.ਆਈ.ਆਰ. ਵਿਚ ਬਦਲ ਦਿੱਤਾ ਗਿਆ, ਇਸ ਪੂਰੀ ਘਟਨਾ ਦਾ ਸ਼ੁੱਕਰਵਾਰ ਨੂੰ ਪਰਦਾਫਾਸ਼ ਹੋਇਆ, ਜਦੋਂ ਨਰੇਲਾ ਦੇ ਰਹਿਣ ਵਾਲੇ 19 ਸਾਲਾ ਅਭਿਸ਼ੇਕ ਨੂੰ ਗ੍ਰਿਫ਼ਤਾਰ ਕਰ ਕੇ ਪੁੱਛਗਿੱਛ ਕੀਤੀ ਗਈ, ਜਿਸ ਤੋਂ ਬਾਅਦ ਪੁਲਸ ਨੇ ਐੱਫ.ਆਈ.ਆਰ. 'ਚ ਭਾਰਤੀ ਦੰਡਾਵਲੀ ਦੀ ਧਾਰਾ 302 (ਕਤਲ) ਸ਼ਾਮਲ ਕਰ ਦਿੱਤੀ। ਇਸ ਤੋਂ ਪਹਿਲਾਂ ਸਮੈਪੁਰ ਬਦਲੀ ਥਾਣੇ ਵਿਚ ਅਗਵਾ ਦਾ ਕੇਸ ਦਰਜ ਕੀਤਾ ਗਿਆ ਸੀ। ਪੁਲਸ ਦੇ ਡਿਪਟੀ ਕਮਿਸ਼ਨਰ (ਬਾਹਰ ਉੱਤਰੀ) ਰਵੀ ਕੁਮਾਰ ਸਿੰਘ ਨੇ ਕਿਹਾ,"ਅਭਿਸ਼ੇਕ ਨੂੰ ਸ਼ੁੱਕਰਵਾਰ ਨੂੰ ਫੜਿਆ ਗਿਆ ਸੀ ਅਤੇ ਪੁੱਛਗਿੱਛ ਕਰਨ 'ਤੇ ਇਹ ਖੁਲਾਸਾ ਹੋਇਆ ਕਿ 22 ਜਨਵਰੀ (ਸੋਮਵਾਰ) ਦੀ ਦੁਪਹਿਰ ਨੂੰ ਵਕੀਲ ਦੇ ਕਰਮਚਾਰੀ ਨੇ ਉਸ ਨਾਲ ਸੰਪਰਕ ਕੀਤਾ ਅਤੇ ਭਿਵਾਨੀ 'ਚ ਇਕ ਵਿਆਹ ਸਮਾਰੋਹ 'ਚ ਉਨ੍ਹਾਂ ਨਾਲ ਚੱਲਣ ਨੂੰ ਕਿਹਾ।''

ਇਹ ਵੀ ਪੜ੍ਹੋ : ਰਾਮਲੀਲਾ 'ਚ ਹਨੂੰਮਾਨ ਦਾ ਕਿਰਦਾਰ ਨਿਭਾ ਰਹੇ ਵਿਅਕਤੀ ਦੀ ਮੰਚ 'ਤੇ ਦਿਲ ਦਾ ਦੌਰਾ ਪੈਣ ਨਾਲ ਮੌਤ

ਵਿਕਾਸ ਨੇ ਅਭਿਸ਼ੇਕ ਨੂੰ ਦੱਸਿਆ ਸੀ ਕਿ ਤੀਸ ਹਜ਼ਾਰੀ ਕੋਰਟ 'ਚ ਕਾਨੂੰਨ ਦੀ ਪ੍ਰੈਕਟਿਸ ਕਰਨ ਵਾਲੇ ਲਕਸ਼ੈ ਨੇ ਉਸ ਤੋਂ ਪੈਸੇ ਉਧਾਰ ਲਏ ਸਨ ਅਤੇ ਜਦੋਂ ਉਸ ਨੇ ਲਕਸ਼ੈ ਨੂੰ ਪੈਸੇ ਵਾਪਸ ਕਰਨ ਲਈ ਕਿਹਾ ਤਾਂ ਉਸ ਨੇ ਉਸ ਨਾਲ ਦੁਰਵਿਵਹਾਰ ਕੀਤਾ। ਇਸ ਤੋਂ ਬਾਅਦ ਦੋਹਾਂ ਨੇ ਲਕਸ਼ੈ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਰਚੀ ਅਤੇ ਉਸ ਨੂੰ ਹਰਿਆਣਾ ਦੀ ਮੂਨਕ ਨਹਿਰ 'ਚ ਧੱਕਾ ਦੇਣ ਦਾ ਫ਼ੈਸਲਾ ਕੀਤਾ। ਡੀ.ਸੀ.ਪੀ. ਨੇ ਕਿਹਾ,“ਉਹ ਸੋਮਵਾਰ ਦੁਪਹਿਰ ਨੂੰ ਮੁਕਰਬਾ ਚੌਂਕ ਤੋਂ ਰਵਾਨਾ ਹੋਏ ਜਿੱਥੇ ਲਕਸ਼ੈ ਅਭਿਸ਼ੇਕ ਨੂੰ ਕਾਰ ਵਿਚ ਮਿਲਿਆ। ਅਭਿਸ਼ੇਕ ਲਕਸ਼ੈ ਦੇ ਨਾਲ ਕਾਰ 'ਚ ਬੈਠਾ ਸੀ ਅਤੇ ਬਾਅਦ 'ਚ ਵਿਕਾਸ ਵੀ ਉਨ੍ਹਾਂ ਦੇ ਨਾਲ ਆ ਗਿਆ।'' ਦਿੱਲੀ ਪਰਤਦੇ ਸਮੇਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਡੀ.ਸੀ.ਪੀ. ਨੇ ਕਿਹਾ,“ਉਹ ਭਿਵਾਨੀ ਵਿਚ ਦੇਰ ਰਾਤ ਇਕ ਵਿਆਹ ਸਮਾਗਮ ਵਿਚ ਪਹੁੰਚੇ ਅਤੇ ਉਥੋਂ ਅੱਧੀ ਰਾਤ ਨੂੰ 12 ਵਜੇ ਚਲੇ ਗਏ।” ਉਹ ਪਾਣੀਪਤ ਵਿਚ ਰੁਕੇ, ਜਿੱਥੇ ਤਿੰਨੋਂ ਆਰਾਮ ਕਰਨ ਲਈ ਕਾਰ ਵਿਚੋਂ ਬਾਹਰ ਨਿਕਲੇ। ਰਵੀ ਕੁਮਾਰ ਸਿੰਘ ਨੇ ਦੱਸਿਆ,''ਇਸ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਅਭਿਸ਼ੇਕ ਅਤੇ ਵਿਕਾਸ ਨੇ ਕਥਿਤ ਤੌਰ 'ਤੇ ਲਕਸ਼ੈ ਨੂੰ ਨਹਿਰ 'ਚ ਧੱਕਾ ਦੇ ਦਿੱਤਾ ਅਤੇ ਕਾਰ 'ਚ ਫਰਾਰ ਹੋ ਗਏ। ਵਿਕਾਸ ਨੇ ਬਾਅਦ ਵਿਚ ਅਭਿਸ਼ੇਕ ਨੂੰ ਨਰੇਲਾ ਵਿਖੇ ਛੱਡ ਦਿੱਤਾ ਅਤੇ ਫਿਰ ਆਪ ਭੱਜ ਗਿਆ।'' ਡੀ.ਸੀ.ਪੀ. ਨੇ ਦੱਸਿਆ ਕਿ ਮੁੱਖ ਦੋਸ਼ੀ ਵਿਕਾਸ ਨੂੰ ਐਤਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਅਪਰਾਧ ਵਿਚ ਵਰਤੀ ਗਈ ਕਾਰ ਵੀ ਬਰਾਮਦ ਕੀਤੀ ਗਈ ਸੀ। ਉਨ੍ਹਾਂ ਨੇ ਦੱਸਿਆ,''ਹਰਿਆਣਾ ਦੇ ਸਮਾਲਖਾ ਨੇੜੇ ਇਕ ਨਹਿਰ 'ਚੋਂ ਲਾਸ਼ ਬਰਾਮਦ ਕੀਤੀ ਗਈ ਸੀ।'' ਪੁਲਸ ਨੇ ਦੱਸਿਆ ਕਿ ਅਭਿਸ਼ੇਕ ਨੂੰ ਗ੍ਰਿਫ਼ਤਾਰ ਕਰਨ ਲਈ ਤਿੰਨ ਦਿਨ ਦੇ ਪੁਲਸ ਰਿਮਾਂਡ 'ਤੇ ਭੇਜਿਆ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News