ਮੁੰਬਈ : ਔਰਤ ਦਾ ਧੜ ਮਿਲਣ ਦੇ 5 ਦਿਨ ਬਾਅਦ ਪੁਲਸ ਨੂੰ ਮਿਲਿਆ ਕੱਟਿਆ ਹੋਇਆ ਸਿਰ

01/05/2020 4:12:18 PM

ਮੁੰਬਈ (ਭਾਸ਼ਾ)— ਮੁੰਬਈ ਪੁਲਸ ਨੇ ਉਪਨਗਰੀ ਵਿਦਿਆ ਵਿਹਾਰ 'ਚ ਔਰਤ ਦਾ ਧੜ ਮਿਲਣ ਦੇ 5 ਦਿਨ ਬਾਅਦ ਇੱਥੇ ਇਕ ਟਰੇਨ ਦੀ ਪਟੜੀ ਨੇੜੇ ਕੱਟਿਆ ਹੋਇਆ ਸਿਰ ਬਰਾਮਦ ਕੀਤਾ। ਪੁਲਸ ਅਧਿਕਾਰੀ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਪੁਲਸ ਦੇ ਇਕ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਜਾਣਕਾਰੀ ਦੇ ਆਧਾਰ 'ਤੇ ਪੁਲਸ ਨੇ ਸਾਂਤਾਕਰੂਜ਼ ਚੈਂਬੂਰ ਲਿੰਕ ਰੋਡ ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲਾਈ ਅਤੇ ਸ਼ਨੀਵਾਰ ਦੇਰ ਰਾਤ ਇਲਾਕੇ 'ਚ ਟਰੇਨ ਦੀ ਪਟੜੀ ਦੇ ਨੇੜੇ ਕੱਟਿਆ ਹੋਇਆ ਸਿਰ ਬਰਾਮਦ ਕੀਤਾ ਗਿਆ। ਉਨ੍ਹਾਂ ਨੇ ਸ਼ੱਕ ਜਤਾਇਆ ਕਿ ਲਾਸ਼ ਨੂੰ ਪੁਲ ਤੋਂ ਸੁੱਟਿਆ ਗਿਆ ਸੀ।

ਅਧਿਕਾਰੀ ਨੇ ਕਿਹਾ ਕਿ ਪੁਲ ਦੇ ਹੇਠਾਂ ਰੇਲ ਦੀ ਪਟੜੀ ਨੇੜੇ ਸਿਰ ਮਿਲਿਆ। ਇਹ ਸਥਾਨ, ਉਸ ਥਾਂ ਤੋਂ ਬਹੁਤ ਦੂਰ ਨਹੀਂ ਹੈ, ਜਿੱਥੇ ਔਰਤ ਦਾ ਧੜ ਬਰਾਮਦ ਹੋਇਆ ਸੀ। ਅਜਿਹੇ ਵਿਚ ਸ਼ੱਕ ਹੈ ਕਿ ਇਹ ਸਿਰ ਉਸ ਔਰਤ ਦਾ ਹੈ, ਜਿਸ ਦਾ ਧੜ ਮਿਲਿਆ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਨੂੰ ਜਾਂਚ ਲਈ ਰਾਜਾਵਾੜੀ ਹਸਪਤਾਲ ਭੇਜਿਆ ਗਿਆ ਹੈ। ਡਿਪਟੀ ਪੁਲਸ ਕਮਿਸ਼ਨਰ ਨੇ ਕਿਹਾ ਕਿ ਅਸੀਂ ਸਿਰ ਨੂੰ ਡੀ. ਐੱਨ. ਏ. ਜਾਂਚ ਲਈ ਵੀ ਭੇਜਾਂਗੇ, ਕਿਉਂਕਿ ਅਜਿਹਾ ਸ਼ੱਕ ਹੈ ਕਿ ਇਹ ਉਸੇ ਔਰਤ ਦਾ ਸਿਰ ਹੈ, ਜਿਸ ਦਾ ਧੜ ਪਹਿਲਾਂ ਬਰਾਮਦ ਹੋਇਆ ਸੀ। ਉਨ੍ਹਾਂ ਦੱਸਿਆ ਕਿ ਔਰਤ ਦਾ ਧੜ ਵਿਦਿਆ ਵਿਹਾਰ ਇਲਾਕੇ ਵਿਚ ਕਿਰੋੜ ਰੋਡ ਤੋਂ 30 ਦਸੰਬਰ ਨੂੰ ਬਰਾਮਦ ਹੋਇਆ ਸੀ।


Tanu

Content Editor

Related News