ਕੁਵੈਤ ਜਾਣ ਦੇ ਨਾਮ ’ਤੇ 900 ਨਰਸਾਂ ਨਾਲ ਠੱਗੀ, ਈ. ਡੀ. ਨੇ ਕੰਪਨੀ ’ਤੇ ਕੱਸਿਆ ਸ਼ਿੰਕਜਾ

Tuesday, Mar 23, 2021 - 05:54 PM (IST)

ਨਵੀਂ ਦਿੱਲੀ— ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਕੁਵੈਤ ਜਾਣ ਵਾਲੀਆਂ 900 ਨਰਸਾਂ ਨਾਲ ਠੱਗੀ ਕਰਨ ਨਾਲ ਜੁੜੇ ਮਨੀ ਲਾਂਡਰਿੰਗ ਦੇ ਕੇਸ ’ਚ ਮੁੰਬਈ ਦੀ ਇਕ ਗਲੋਬਲ ਭਰਤੀ ਕੰਪਨੀ ਅਤੇ ਉਸ ਦੇ ਪ੍ਰਮੋਟਰਾਂ ਦੀ ਸਾਢੇ 7 ਕਰੋੜ ਰੁਪਏ ਦੀ ਸੰਪਤੀ ਕੁਰਕ ਕੀਤੀ ਹੈ। ਕੇਂਦਰੀ ਜਾਂਚ ਏਜੰਸੀ ਨੇ ਕਿਹਾ ਕਿ ਉਸ ਨੇ ਮੁੰਬਈ ਦੇ ਜੇ. ਵੀ. ਪੀ. ਡੀ. ਯੋਜਨਾ ਇਲਾਕੇ ਵਿਚ ਇਕ ਡੂਪਲੈਕਸ ਫਲੈਟ, ਕੇਰਲ ਵਿਚ ਇਕ ਪਲਾਟ ਅਤੇ ਮਰਸੀਡੀਜ਼ ਬੈਂਜ਼ ਕਾਰ ਕੁਰਕ ਕਰਨ ਅਤੇ ਪੀ. ਜੇ. ਮੈਥਿਊ ਤੇ ਹੋਰਨਾਂ ਦੀ 4.55 ਕਰੋੜ ਰੁਪਏ ਨਕਦ ਰਾਸ਼ੀ ਜ਼ਬਤ ਕਰਨ ਦਾ ਆਦੇਸ਼ ਜਾਰੀ ਕੀਤਾ ਹੈ। ਇਹ ਕਾਰਵਾਈ ਮਨੀ ਲਾਂਡਰਿੰਗ (ਕਾਲੇ ਧਨ ਨੂੰ ਸਫੈਦ ਬਣਾਉਣਾ) ਰੋਕਥਾਮ ਐਕਟ ਤਹਿਤ ਕੀਤੀ ਗਈ ਹੈ।

ਈ. ਡੀ ਨੇ ਬਿਆਨ ਵਿਚ ਕਿਹਾ ਕਿ ਉਸ ਨੇ ਮੁੰਬਈ ਦੀ ਗਲੋਬਲ ਭਰਤੀ ਕੰਪਨੀ ਮੈਥਿਊ ਇੰਟਰਨੈਸ਼ਨਲ ਦੇ ਮਾਲਕ ਮੈਥਿਊ, ਉਸ ਨਾਲ ਜੁੜੇ ਕੁਝ ਹੋਰ ਲੋਕਾਂ ਦੀ 7.51 ਕਰੋੜ ਰੁਪਏ ਦੀ ਸੰਪਤੀ ਕੁਰਕ ਕੀਤੀ ਹੈ। ਮੈਥਿਊ ਅਤੇ ਮੁੰਬਈ ਦੀ ਕੰਪਨੀ ਮੁਨਵਰਾ ਐਸੋਸੀਏਟ ਦੇ ਪ੍ਰਮੋਟਰ ਮੁਹੰਮਦ ਐੱਨ. ਪ੍ਰਭੂ ਖ਼ਿਲਾਫ਼ ਦਰਜ ਸੀ. ਬੀ. ਆਈ. ਦੀ ਇਕ ਐੱਫ. ਆਈ. ਆਰ. ਦਾ ਅਧਿਐਨ ਕਰਨ ਤੋਂ ਬਾਅਦ ਮਨੀ ਲਾਂਡਰਿੰਗ ਰੋਕਥਾਮ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਈ. ਡੀ. ਨੇ ਦਾਅਵਾ ਕੀਤਾ ਕਿ ਉਸ ਨੇ ਆਪਣੀ ਜਾਂਚ ਵਿਚ ਵੇਖਿਆ ਕਿ ਪੀ. ਜੇ. ਮੈਥਿਊ ਨੇ ਹੋਰਨਾਂ ਦੀ ਮਦਦ ਨਾਲ 900 ਤੋਂ ਵੱਧ ਨਰਸਾਂ ਦੀ ਭਰਤੀ ਕੀਤੀ, ਜਿਨ੍ਹਾਂ ਨੂੰ ਕੁਵੈਤ ਵਿਚ ਰੁਜ਼ਗਾਰ ਦਿਵਾਇਆ ਜਾਣਾ ਸੀ। 

ਜਾਂਚ ਏਜੰਸੀ ਨੇ ਦਾਅਵਾ ਕੀਤਾ ਕਿ ਮੈਥਿਊ ਨੇ ਹਰੇਕ ਨਰਸ ਤੋਂ ਇਸ ਦੇ ਏਵਜ਼ ਵਿਚ 18.5 ਲੱਖ ਰੁਪਏ ਤੋਂ ਲੈ ਕੇ 20 ਲੱਖ ਰੁਪਏ ਤੱਕ ਲਏ ਸਨ। ਈ. ਡੀ. ਨੇ ਦਾਅਵਾ ਕੀਤਾ ਕਿ ਮੈਥਿਊ ਇੰਟਰਨੈਸ਼ਨਲ ਨੇ ਗੈਰ-ਕਾਨੂੰਨੀ ਤਰੀਕੇ ਨਾਲ ਬੇਈਮਾਨੀ ਕਰ ਕੇ ਇਨ੍ਹਾਂ ਅਪਰਾਧਕ ਗਤੀਵਿਧੀਆਂ ਜ਼ਰੀਏ 205.71 ਕਰੋੜ ਰੁਪਏ ਇਕੱਠੇ ਕੀਤੇ। ਜਾਂਚ ਏਜੰਸੀ ਨੇ ਇਹ ਵੀ ਕਿਹਾ ਕਿ ਨਰਸਾਂ ਤੋਂ ਇਕੱਠੇ ਕੀਤੀ ਗਈ ਰਾਸ਼ੀ ਨੂੰ ਹਵਾਲਾ ਜ਼ਰੀਏ ਕੁਵੈਤ ਭੇਜਿਆ ਜਾਣਾ ਸੀ।


Tanu

Content Editor

Related News