ਮੁੰਬਈ ''ਚ ਨਿਵੇਸ਼ਕਾਂ ਨਾਲ 27 ਕਰੋੜ ਰੁਪਏ ਦੀ ਠੱਗੀ ਕਰਨ ਵਾਲਾ ਬਿਲਡਰ ਪੰਜਾਬ ਤੋਂ ਗ੍ਰਿਫ਼ਤਾਰ

Saturday, Dec 17, 2022 - 03:07 PM (IST)

ਮੁੰਬਈ (ਭਾਸ਼ਾ)- ਮੁੰਬਈ ਪੁਲਸ ਨੇ ਇਕ ਬਿਲਡਰ ਨੂੰ ਆਪਣੇ ਨਿਵੇਸ਼ਕਾਂ ਨਾਲ 27 ਕਰੋੜ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ। ਦੋਸ਼ ਹੈ ਕਿ ਬਿਲਡਰ ਨੇ ਸ਼ਹਿਰ 'ਚ ਆਪਣੇ ਹਾਊਸਿੰਗ ਪ੍ਰੋਜੈਕਟ 'ਚ ਨਿਵੇਸ਼ ਕਰਨ ਲਈ ਮੁਨਾਫ਼ੇ ਦਾ ਵਾਅਦਾ ਕੀਤਾ ਸੀ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਆਰਥਿਕ ਅਪਰਾਧ ਯੂਨਿਟ (ਈ.ਓ.ਡਬਲਿਯੂ.) ਨੇ ਦੋਸ਼ੀ ਬਿਲਡਰ ਨੂੰ ਪੰਜਾਬ ਤੋਂ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀ ਨੇ ਕਿਹਾ,“ਉਹ ਲੋਕਾਂ ਨੂੰ ਝੂਠੇ ਵਾਅਦੇ ਕਰਕੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਈ.ਓ.ਡਬਲਿਊ. 'ਚ ਦਰਜ ਤਿੰਨ ਮਾਮਲਿਆਂ 'ਚ ਲੋੜੀਂਦਾ ਸੀ। ਇਨ੍ਹਾਂ ਕੇਸਾਂ 'ਚ ਉਸ ਦਾ ਮੁੰਡਾ ਵੀ ਮੁਲਜ਼ਮ ਹੈ, ਜੋ ਫਿਲਹਾਲ ਫਰਾਰ ਹੈ।'' ਅਧਿਕਾਰੀ ਮੁਤਾਬਕ 57 ਸਾਲਾ ਨਿਵੇਸ਼ਕ ਅਤੇ ਹੋਰਾਂ ਨੇ ਮੁਲਜ਼ਮ ਦੇ ਪ੍ਰਾਜੈਕਟ 'ਚ ਕੁੱਲ 19.30 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਉਸ ਨੇ ਕਿਹਾ,“ਸ਼ੁਰੂਆਤ 'ਚ, ਸ਼ਿਕਾਇਤਕਰਤਾ ਨੂੰ ਉਸ ਦੇ ਨਿਵੇਸ਼ ਕੀਤੇ ਪੈਸੇ ਦੀ ਵਾਪਸੀ ਮਿਲੀ ਪਰ ਬਾਅਦ 'ਚ ਪਿਓ-ਪੁੱਤ ਦੀ ਜੋੜੀ ਨੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਕੈਸ਼ ਰਿਟਰਨ ਦੀ ਬਜਾਏ ਹਾਊਸਿੰਗ ਪ੍ਰੋਜੈਕਟ 'ਚ ਫਲੈਟ ਦਿੱਤੇ ਜਾਣਗੇ। ਸ਼ਹਿਰ ਦੇ ਸਾਇਨ ਚੂਨਾਭੱਟੀ ਇਲਾਕੇ 'ਚ ਇਕ ਰਿਹਾਇਸ਼ੀ ਪ੍ਰੋਜੈਕਟ ਦਾ ਕੰਮ ਕੀਤਾ ਜਾ ਰਿਹਾ ਹੈ।'' 

ਇਹ ਵੀ ਪੜ੍ਹੋ : 5 ਮੁੰਡਿਆਂ ਦੀ ਨਦੀ 'ਚ ਡੁੱਬਣ ਨਾਲ ਮੌਤ, ਇਕ ਨੂੰ ਬਚਾਉਣ ਦੇ ਚੱਕਰ 'ਚ ਗਈ ਸਾਰਿਆਂ ਦੀ ਜਾਨ

ਕੁਝ ਮਹੀਨਿਆਂ ਬਾਅਦ, ਜਦੋਂ ਬਿਲਡਰ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ, ਤਾਂ ਨਿਵੇਸ਼ਕ ਨੂੰ ਅਹਿਸਾਸ ਹੋਇਆ ਕਿ ਉਸ ਨਾਲ ਅਤੇ ਹੋਰਾਂ ਨਾਲ ਧੋਖਾ ਹੋਇਆ ਹੈ, ਜਿਸ ਤੋਂ ਬਾਅਦ ਸਾਂਤਾਕਰੂਜ਼ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਅਧਿਕਾਰੀ ਨੇ ਕਿਹਾ ਕਿ ਇਸ ਤੋਂ ਬਾਅਦ, ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀਆਂ ਸਬੰਧਤ ਧਾਰਾਵਾਂ ਦੇ ਤਹਿਤ ਇਕ ਐੱਫ.ਆਈ.ਆਰ. ਦਰਜ ਕੀਤੀ ਗਈ ਸੀ ਅਤੇ ਮਾਮਲੇ ਦੀ ਜਾਂਚ ਈ.ਓ.ਡਬਲਿਊ. ਨੂੰ ਸੌਂਪ ਦਿੱਤੀ ਗਈ ਸੀ। ਅਧਿਕਾਰੀ ਨੇ ਕਿਹਾ,"ਜਾਂਚ ਦੌਰਾਨ, ਇਹ ਪਾਇਆ ਗਿਆ ਕਿ ਹਾਊਸਿੰਗ ਸਕੀਮ ਦੇ ਕੁਝ ਹੋਰ ਨਿਵੇਸ਼ਕਾਂ ਨੇ ਪਿਤਾ-ਪੁੱਤਰ ਦੀ ਜੋੜੀ ਵਿਰੁੱਧ ਸ਼ਿਕਾਇਤਾਂ ਦਰਜ ਕਰਵਾਈਆਂ ਸਨ ਅਤੇ ਕੁੱਲ ਰਕਮ 27.57 ਕਰੋੜ ਰੁਪਏ ਸੀ।" ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਦੀ ਧਾਰਾ-138 ਤਹਿਤ 335 ਕੇਸ ਦਰਜ ਕੀਤੇ ਗਏ ਸਨ, ਜੋ ਮੁੰਬਈ ਦੀਆਂ ਵੱਖ-ਵੱਖ ਅਦਾਲਤਾਂ 'ਚ ਵਿਚਾਰ ਅਧੀਨ ਹਨ। ਇਹ ਸੈਕਸ਼ਨ ਬਾਊਂਸ ਹੋਏ ਚੈੱਕਾਂ ਨਾਲ ਸੰਬੰਧਿਤ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News