ਅੱਜ ਦੇ ਦਿਨ ਹੀ ਮੁੰਬਈ ''ਤੇ ਹੋਇਆ ਸੀ ਅੱਤਵਾਦੀ ਹਮਲਾ, ਸ਼ਹੀਦਾਂ ਨੂੰ ਦਿੱਤੀ ਗਈ ਸ਼ਰਧਾਂਜਲੀ

11/26/2023 11:44:41 AM

ਮੁੰਬਈ- ਮਹਾਰਾਸ਼ਟਰ ਦੇ ਰਾਜਪਾਲ ਰਮੇਸ਼ ਬੈਂਸ ਅਤੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਐਤਵਾਰ ਨੂੰ 15 ਸਾਲ ਪਹਿਲਾਂ ਅੱਜ ਦੇ ਹੀ ਦਿਨ ਮੁੰਬਈ 'ਤੇ ਹੋਏ ਅੱਤਵਾਦੀ ਹਮਲੇ 'ਚ ਅੱਤਵਾਦੀਆਂ ਨਾਲ ਲੜਦੇ ਹੋਏ ਜਾਨ ਗੁਆਉਣ ਵਾਲੇ ਸ਼ਹੀਦਾਂ ਨੂੰ ਫੁੱਲ ਭੇਟ ਕੀਤੇ। ਬੈਂਸ  ਅਤੇ ਸ਼ਿੰਦੇ ਨੇ ਦੱਖਣੀ ਮੁੰਬਈ ਵਿਚ ਪੁਲਸ ਕਮਿਸ਼ਨਰ ਦਫ਼ਤਰ ਦੇ ਕੰਪਲੈਕਸ 'ਚ ਸ਼ਹੀਦਾਂ ਦੇ ਸਮਾਰਕ 'ਤੇ ਫੁੱਲ ਭੇਟ ਕੀਤੇ, ਜਿੱਥੇ ਪੁਲਸ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ।

ਦੱਸ ਦੇਈਏ ਕਿ ਅੱਜ ਦੇ ਦਿਨ ਅੱਤਵਾਦੀਆਂ ਨੇ ਤਾਜ ਹੋਟਲ ਸਮੇਤ ਮੁੰਬਈ ਦੀਆਂ ਕਈ ਥਾਵਾਂ 'ਤੇ ਹਮਲਾ ਕਰ ਕੇ 166 ਮਾਸੂਮ ਲੋਕਾਂ ਦੀ ਜਾਨ ਲੈ ਲਈ ਸੀ। ਜਵਾਬੀ ਕਾਰਵਾਈ ਵਿਚ ਸੁਰੱਖਿਆ ਫੋਰਸਾਂ ਨੇ 9 ਅੱਤਵਾਦੀਆਂ ਨੂੰ ਮੌਕੇ 'ਤੇ ਹੀ ਮਾਰ ਦਿੱਤਾ ਸੀ, ਜਦਕਿ ਇਕ ਅੱਤਵਾਦੀ ਅਜ਼ਮਲ ਕਸਾਬ ਜ਼ਿੰਦਾ ਫੜਿਆ ਗਿਆ ਸੀ।
26 ਨਵੰਬਰ 2008 ਨੂੰ 10 ਪਾਕਿਸਤਾਨੀ ਅੱਤਵਾਦੀ ਸਮੁੰਦਰੀ ਰਸਤਿਓਂ ਮੁੰਬਈ ਪਹੁੰਚੇ ਸਨ। ਅੱਤਵਾਦੀ ਹਮਲੇ ਵਿਚ 18 ਸੁਰੱਖਿਆ ਕਰਮੀਆਂ ਸਮੇਤ 166 ਲੋਕ ਮਾਰੇ ਗਏ ਸਨ ਅਤੇ ਕਈ ਹੋਰ ਲੋਕ ਜ਼ਖਮੀ ਹੋਏ ਸਨ। 

ਇਹ ਹਮਲਾ 26 ਨਵੰਬਰ ਨੂੰ ਸ਼ੁਰੂ ਹੋਇਆ ਸੀ ਅਤੇ 29 ਨਵੰਬਰ ਤੱਕ ਚੱਲਿਆ ਸੀ। ਇਸ ਦੌਰਾਨ ਛੱਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ, ਓਬਰਾਏ ਟਾਈਡੈਂਟ, ਤਾਜ ਮਹਿਲ ਪੈਲੇਸ ਐਂਡ ਟਾਵਰ, ਲਿਯੋਪੋਲਡ ਕੈਫੇ, ਕਾਮਾ ਹਸਪਤਾਲ, ਨਰੀਮਨ ਕਮਿਊਨਿਟੀ ਸੈਂਟਰ ਵਰਗੀਆਂ ਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਅਜ਼ਮਲ ਕਸਾਬ ਜਿਸ ਨੂੰ ਜ਼ਿੰਦਾ ਫੜਿਆ ਗਿਆ ਸੀ, ਉਸ ਨੂੰ 4 ਸਾਲ ਬਾਅਦ 21 ਨਵੰਬਰ 2012 ਨੂੰ ਫਾਂਸੀ ਦੇ ਦਿੱਤੀ ਗਈ ਸੀ।


Tanu

Content Editor

Related News