ਮੁੰਬਈ : ਵਾਨਖੇੜੇ ਸਟੇਡੀਅਮ ’ਚ ਡਰੋਨ ਸ਼ੋਅ ਦੌਰਾਨ ਹਾਦਸਾ, ਇਕ ਵਿਅਕਤੀ ਜ਼ਖ਼ਮੀ
Saturday, Oct 31, 2026 - 03:00 PM (IST)
ਮੁੰਬਈ (ਏਜੰਸੀ)- ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਇਕ ਟੈਲੀਕਾਮ ਕੰਪਨੀ ਵੱਲੋਂ ਆਯੋਜਿਤ ਡਰੋਨ ਸ਼ੋਅ ਉਸ ਸਮੇਂ ਹਾਦਸੇ ਵਿਚ ਬਦਲ ਗਿਆ, ਜਦੋਂ ਦੋ ਮਾਨਵ-ਰਹਿਤ ਹਵਾਈ ਵਾਹਨ (ਡਰੋਨ) ਕਥਿਤ ਤੌਰ ’ਤੇ ਬੇਕਾਬੂ ਹੋ ਕੇ ਚਰਚਗੇਟ ਰੇਲਵੇ ਸਟੇਸ਼ਨ ਕੰਪਲੈਕਸ ਵਿਚ ਜਾ ਡਿੱਗੇ। ਇਸ ਘਟਨਾ ਵਿਚ ਇਕ ਯਾਤਰੀ ਜ਼ਖ਼ਮੀ ਹੋ ਗਿਆ। ਰੇਲਵੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਵੀਰਵਾਰ ਰਾਤ ਲੱਗਭਗ 8:10 ਵਜੇ ਪਲੇਟਫਾਰਮ ਨੰਬਰ 3 ’ਤੇ ਵਾਪਰੀ।
ਦੱਸਿਆ ਜਾ ਰਿਹਾ ਹੈ ਕਿ ਇਕ ਡਰੋਨ ਪਲੇਟਫਾਰਮ ਦੇ ਵਿਰਾਰ ਵਾਲੇ ਪਾਸੇ ਦੇ ਨੇੜੇ ਡਿੱਗਿਆ ਅਤੇ ਉੱਥੇ ਮੌਜੂਦ 37 ਸਾਲਾ ਯਾਤਰੀ ਹੇਮੰਤ ਮਹੋਤਸਵਕਰ ਨਾਲ ਜਾ ਟਕਰਾਇਆ। ਡਰੋਨ ਦੀ ਟੱਕਰ ਨਾਲ ਉਸ ਦੇ ਸਿਰ ਅਤੇ ਮੱਥੇ ’ਤੇ ਸੱਟਾਂ ਲੱਗੀਆਂ ਅਤੇ ਖੂਨ ਵਹਿਣ ਲੱਗ ਪਿਆ। ਇਸ ਤੋਂ ਬਾਅਦ ਰੇਲਵੇ ਕਰਮਚਾਰੀਆਂ ਅਤੇ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਉਸ ਦੀ ਮਦਦ ਕੀਤੀ। ਇਸ ਤੋਂ ਬਾਅਦ ਜੀ. ਆਰ. ਪੀ. ਨੇ ਦੋਵੇਂ ਡਰੋਨ ਆਪਣੇ ਕਬਜ਼ੇ ਵਿਚ ਲੈ ਲਏ ਅਤੇ ਘਟਨਾ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ। ਅਣਪਛਾਤੇ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
