Su-30SM ਲੜਾਕੂ ਜਹਾਜ਼ ਕ੍ਰੈਸ਼, ਟ੍ਰੇਨਿੰਗ ਉਡਾਣ ਦੌਰਾਨ ਵਾਪਰਿਆ ਹਾਦਸਾ

Wednesday, Oct 21, 2026 - 09:44 PM (IST)

Su-30SM ਲੜਾਕੂ ਜਹਾਜ਼ ਕ੍ਰੈਸ਼, ਟ੍ਰੇਨਿੰਗ ਉਡਾਣ ਦੌਰਾਨ ਵਾਪਰਿਆ ਹਾਦਸਾ

ਮਾਸਕੋ :  ਰੂਸ ਦੇ ਕਲਿਨਿਨਗ੍ਰਾਦ ਖੇਤਰ ਦੇ ਚੇਰਨਯਾਖੋਵਸਕ ਜ਼ਿਲ੍ਹੇ ਵਿੱਚ ਟ੍ਰੇਨਿੰਗ ਫਲਾਈਟ ਦੌਰਾਨ ਰੂਸੀ ਹਵਾਈ ਫੌਜ ਦਾ ਇੱਕ Su-30SM ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਕੇ ਡਿੱਗ ਗਿਆ। ਇਹ ਹਾਦਸਾ ਤਿਮੋਫੀਵਕਾ ਅਤੇ ਜ਼ੇਲਯੋਨੋਈ ਬੋਰ ਪਿੰਡਾਂ ਦੇ ਵਿਚਕਾਰ ਵਾਪਰਿਆ। ਜਹਾਜ਼ ਦੇ ਡਿੱਗਣ ਤੋਂ ਪਹਿਲਾਂ ਹੀ ਦੋਵੇਂ ਪਾਇਲਟ ਇਜੈਕਟ ਕਰਕੇ ਸੁਰੱਖਿਅਤ ਬਾਹਰ ਨਿਕਲਣ ਵਿੱਚ ਸਫ਼ਲ ਰਹੇ, ਜਿਸ ਕਾਰਨ ਉਨ੍ਹਾਂ ਦੀ ਜਾਨ ਵਾਲ-ਵਾਲ ਬਚ ਗਈ। ਜ਼ਖ਼ਮੀ ਹਾਲਤ ਵਿੱਚ ਦੋਵਾਂ ਪਾਇਲਟਾਂ ਨੂੰ ਇਲਾਜ ਲਈ ਸੈਨਿਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਰੂਸ ਦੇ ਰੱਖਿਆ ਮੰਤਰਾਲੇ ਨੇ ਹਾਦਸੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਉਡਾਣ ਬਿਨਾਂ ਕਿਸੇ ਹਥਿਆਰ/ਗੋਲਾ-ਬਾਰੂਦ ਦੇ ਸੀ ਅਤੇ ਜਹਾਜ਼ ਇੱਕ ਗੈਰ-ਰਿਹਾਇਸ਼ੀ ਇਲਾਕੇ ਵਿੱਚ ਡਿੱਗਿਆ ਹੈ। ਮੰਤਰਾਲੇ ਅਨੁਸਾਰ ਇਲਾਜ ਅਧੀਨ ਦੋਵਾਂ ਪਾਇਲਟਾਂ ਦੀ ਜਾਨ ਨੂੰ ਕੋਈ ਖ਼ਤਰਾ ਨਹੀਂ ਹੈ। ਜ਼ਿਕਰਯੋਗ ਹੈ ਕਿ ਕਲਿਨਿਨਗ੍ਰਾਦ ਪੋਲੈਂਡ ਅਤੇ ਲਿਥੁਆਨੀਆ ਵਰਗੇ ਨਾਟੋ (NATO) ਦੇਸ਼ਾਂ ਦੇ ਵਿਚਕਾਰ ਬਾਲਟਿਕ ਸਾਗਰ ਤੱਟ 'ਤੇ ਸਥਿਤ ਰੂਸ ਦਾ ਇੱਕ ਰਣਨੀਤਕ ਤੌਰ 'ਤੇ ਮਹੱਤਵਪੂਰਨ ਖੇਤਰ ਹੈ, ਜਿੱਥੇ ਰੂਸੀ ਬਾਲਟਿਕ ਫਲੀਟ ਦਾ ਮੁੱਖ ਦਫ਼ਤਰ ਵੀ ਹੈ।

Su-30SM 'ਇਰਕੁਤ' (ਯੂਨਾਈਟਿਡ ਏਅਰਕ੍ਰਾਫ਼ਟ ਕਾਰਪੋਰੇਸ਼ਨ) ਦੁਆਰਾ ਤਿਆਰ ਕੀਤਾ ਗਿਆ ਇੱਕ ਦੋ-ਸੀਟਰ ਮਲਟੀਰੋਲ ਫਾਈਟਰ ਜੈੱਟ ਹੈ। ਦੋਵੇਂ ਪਾਇਲਟਾਂ ਕੋਲ ਇਜੈਕਸ਼ਨ ਸੀਟਾਂ ਹੋਣ ਕਾਰਨ ਹਾਦਸੇ ਸਮੇਂ ਉਨ੍ਹਾਂ ਦੀ ਜਾਨ ਬਚ ਸਕੀ। ਰੂਸੀ ਅਧਿਕਾਰੀਆਂ ਵੱਲੋਂ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਇੱਕ ਜਾਂਚ ਕਮਿਸ਼ਨ ਦਾ ਗਠਨ ਕੀਤਾ ਗਿਆ ਹੈ, ਜੋ ਤਕਨੀਕੀ ਖ਼ਰਾਬੀ ਜਾਂ ਪਾਇਲਟ ਦੀ ਚੂਕ ਸਮੇਤ ਹੋਰ ਸੰਭਾਵੀ ਕਾਰਨਾਂ ਦੀ ਜਾਂਚ ਕਰ ਰਿਹਾ ਹੈ।
 


author

Inder Prajapati

Content Editor

Related News