ਭਾਜਪਾ ਨੂੰ ਵੱਡਾ ਝਟਕਾ, ਮਮਤਾ ਬੈਨਰਜੀ ਦੀ ਮੌਜੂਦਗੀ ''ਚ ਮੁਕੁਲ ਰਾਏ ਹੋਏ TMC ''ਚ ਸ਼ਾਮਲ
Friday, Jun 11, 2021 - 06:51 PM (IST)
ਕੋਲਕਾਤਾ- ਭਾਜਪਾ ਦੇ ਸੀਨੀਅਰ ਨੇਤਾ ਮੁਕੁਲ ਰਾਏ ਭਗਵਾ ਦਲ ਨੂੰ ਜ਼ੋਰਦਾਰ ਝਟਕਾ ਦਿੰਦੇ ਹੋਏ ਸ਼ੁੱਕਰਵਾਰ ਨੂੰ ਆਪਣੇ ਪੁੱਤਰ ਸ਼ੁਭਰਾਂਸ਼ੂ ਨਾਲ ਆਪਣੀ ਪੁਰਾਣੀ ਪਾਰਟੀ ਤ੍ਰਿਣਮੂਲ ਕਾਂਗਰਸ 'ਚ ਵਾਪਸ ਆ ਗਏ ਹਨ। ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਸੂਬੇ ਦੀ ਸੱਤਾਧਾਰੀ ਪਾਰਟੀ ਦੇ ਹੋਰ ਨੇਤਾਵਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਭਾਜਪਾ 'ਚ ਰਾਸ਼ਟਰੀ ਉੱਪ ਪ੍ਰਧਾਨ ਦਾ ਅਹੁਦਾ ਸੰਭਾਲਣ ਵਾਲੇ ਰਾਏ ਨੇ ਕਿਹਾ ਕਿ ਉਹ ਸਾਰੇ ਜਾਣੇ-ਪਛਾਣੇ ਚਿਹਰਿਆਂ ਨੂੰ ਫਿਰ ਤੋਂ ਦੇਖ ਕੇ ਖੁਸ਼ ਹਨ।'' ਤ੍ਰਿਣਮੂਲ ਸੁਪਰੀਮੋ ਮਮਤਾ ਬੈਨਰਜੀ ਨੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੁਕੁਲ ਰਾਏ ਨੂੰ ਭਾਜਪਾ 'ਚ ਧਮਕੀ ਦਿੱਤੀ ਗਈ ਸੀ ਅਤੇ ਇਸ ਦਾ ਅਸਰ ਉਨ੍ਹਾਂ ਦੀ ਸਿਹਤ 'ਤੇ ਪਿਆ। ਮਮਤਾ ਨੇ ਕਿਹਾ,''ਮੁਕੁਲ ਦੀ ਵਾਪਸੀ ਸਾਬਿਤ ਕਰਦੀ ਹੈ ਕਿ ਭਾਜਪਾ ਕਿਸੇ ਨੂੰ ਵੀ ਚੈਨ ਨਾਲ ਨਹੀਂ ਰਹਿਣ ਦਿੰਦੀ ਅਤੇ ਸਾਰਿਆਂ 'ਤੇ ਅਣਉੱਚਿਤ ਦਬਾਅ ਪਾਉਂਦੀ ਹੈ।''
ਮਮਤਾ ਅਤੇ ਰਾਏ ਦੋਹਾਂ ਨੇ ਦਾਅਵਾ ਕੀਤਾ ਕਿ ਕਦੇ ਵੀ ਕੋਈ ਮਤਭੇਦ ਨਹੀਂ ਸੀ। ਇਹ ਪੁੱਛੇ ਜਾਣ 'ਤੇ ਕਿ ਕੀ ਉਨ੍ਹਾਂ ਦੀ ਪਾਰਟੀ ਦੇ ਦੂਜੇ ਦਲ 'ਚ ਸ਼ਾਮਲ ਹੋ ਗਈ ਹੋਰ ਮੈਂਬਰਾਂ ਨੂੰ ਵੀ ਵਾਪਸ ਲਵੇਗੀ, ਮਮਤਾ ਨੇ ਸਪੱਸ਼ਟ ਕੀਤਾ ਕਿ ਅਪ੍ਰੈਲ-ਮਈ ਦੀਆਂ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਤ੍ਰਿਣਮੂਲ ਛੱਡ ਕੇ ਭਾਜਪਾ 'ਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਵਾਪਸ ਨਹੀਂ ਲਿਆ ਜਾਵੇਗਾ। ਕਦੇ ਤ੍ਰਿਣਮੂਲ 'ਚ ਦੂਜੇ ਸਭ ਤੋਂ ਪ੍ਰਮੁੱਖ ਨੇਤਾ ਰਾਏ ਨੂੰ ਫਰਵਰੀ 2015 'ਚ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਉਹ ਨਵੰਬਰ 2017 'ਚ ਭਾਜਪਾ 'ਚ ਸ਼ਾਮਲ ਹੋਏ ਸਨ। ਬੈਨਰਜੀ ਦੇ ਭਤੀਜੇ ਅਤੇ ਤ੍ਰਿਣਮੂਲ ਸੰਸਦ ਮੈਂਬਰ ਅਭਿਸ਼ੇਕ ਦੇ ਹਾਲ ਹੀ 'ਚ ਸ਼ਹਿਰ ਦੇ ਇਕ ਹਸਪਤਾਲ 'ਚ ਰਾਏ ਦੀ ਪਤਨੀ ਨੂੰ ਮਿਲਣ ਤੋਂ ਬਾਅਦ ਉਨ੍ਹਾਂ ਦੀ ਸੰਭਾਵਿਤ ਘਰ ਵਾਪਸੀ ਨੂੰ ਲੈ ਕੇ ਅਟਕਲਾਂ ਤੇਜ਼ ਹੋ ਗਈਆਂ ਸਨ।