‘ਮੁਖਤਾਰ ਅੰਸਾਰੀ ਨੂੰ ਕੋਰਟ ਤੱਕ ਲਿਜਾਣ ਵਾਲੀ ਐਂਬੂਲੈਂਸ ਭਾਜਪਾ ਆਗੂ ਅਲਕਾ ਰਾਏ ਦੇ ਹਸਪਤਾਲ ਦੀ ਨਿਕਲੀ’
Friday, Apr 02, 2021 - 11:45 AM (IST)
ਮਊ– ਬਾਹੁਬਲੀ ਵਿਧਾਇਕ ਮੁਖਤਾਰ ਅੰਸਾਰੀ ਨੂੰ ਜਿਸ ਐਂਬੂਲੈਂਸ ਰਾਹੀਂ ਪੰਜਾਬ ਦੀ ਰੋਪੜ ਜੇਲ ਤੋਂ ਬੁੱਧਵਾਰ ਨੂੰ ਮੋਹਾਲੀ ਕੋਰਟ ਲਿਜਾਇਆ ਗਿਆ ਸੀ, ਉਸ ਐਂਬੂਲੈਂਸ ਦੇ ਭਾਜਪਾ ਮਹਿਲਾ ਮੋਰਚਾ ਦੀ ਖੇਤਰੀ ਜਨਰਲ ਸਕੱਤਰ ਅਲਕਾ ਰਾਏ ਦੇ ਹਸਪਤਾਲ ਦੇ ਨਾਂ ’ਤੇ ਰਜਿਸਟਰਡ ਹੋਣ ਦੀ ਖਬਰ ਹੋਣ ਤੋਂ ਬਾਅਦ ਰੌਲਾ ਪੈ ਗਿਆ ਹੈ। ਹਾਲਾਂਕਿ ਡਾ. ਅਲਕਾ ਰਾਏ ਨੇ ਐਂਬੂਲੈਂਸ ਨੂੰ ਆਪਣਾ ਹੋਣ ਤੋਂ ਸਿਰੇ ਤੋਂ ਖਾਰਿਜ਼ ਕਰਦੇ ਹੋਏ ਕਿਹਾ ਕਿ ਉਕਤ ਐਂਬੂਲੈਂਸ ਨਾਲ ਮੇਰਾ ਕੋਈ ਸਬੰਧ ਨਹੀਂ ਹੈ।
ਭਰੋਸੇਯੋਗ ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਜਿਸ ਐਂਬੂਲੈਂਸ ’ਚ ਵਿਧਾਇਕ ਮੁਖਤਾਰ ਅੰਸਾਰੀ ਨੂੰ ਪੰਜਾਬ ’ਚ ਜੇਲ ਤੋਂ ਕੋਰਟ ਲਿਜਾਇਆ ਗਿਆ ਸੀ, ਉਹ ਭਾਜਪਾ ਮਹਿਲਾ ਨੇਤਾ ਡਾ. ਅਲਕਾ ਰਾਏ ਦੇ ਹਸਪਤਾਲ ਸ਼ਿਆਮ ਸੰਜੀਵਨੀ ਦੇ ਨਾਂ ’ਤੇ ਰਜਿਸਟਰਡ ਹੈ। ਇਸ ਸਬੰਧ ’ਚ ਡਾ. ਰਾਏ ਨੇ ਸਪਸ਼ਟ ਕਿਹਾ ਕਿ ਸਾਲ 2013 ’ਚ ਮਊ ਸਦਰ ਤੋਂ ਵਿਧਾਇਕ ਮੁਖਤਾਰ ਅੰਸਾਰੀ ਦੇ ਨੁਮਾਇੰਦੇ ਵੱਲੋਂ ਹਸਪਤਾਲ ਦੇ ਨਾਂ ’ਤੇ ਐਂਬੂਲੈਂਸ ਸੰਚਾਲਿਤ ਕਰਨ ਲਈ ਜ਼ਰੂਰੀ ਦਸਤਾਵੇਜ਼ਾਂ ’ਤੇ ਹਸਤਾਖਰ ਆਦਿ ਮੰਗੇ ਗਏ ਸਨ, ਜਿਸ ਨੂੰ ਉਨ੍ਹਾਂ ਦੇ ਹਸਪਤਾਲ ਦੇ ਡਾਇਰੈਕਟਰ ਵੱਲੋਂ ਪੂਰਾ ਕੀਤਾ ਗਿਆ ਸੀ ਪਰ ਉਸ ਤੋਂ ਬਾਅਦ ਉਹ ਐਂਬੂਲੈਂਸ ਕਿੱਥੋਂ ਆਈ, ਕਿੱਥੇ ਗਈ, ਇਸ ਦੀ ਜਾਣਕਾਰੀ ਸਾਨੂੰ ਨਹੀਂ ਹੈ।
ਯੂ. ਪੀ. ’ਚ ਐਂਬੂਲੈਂਸ ਸੇਵਾ ਮੁਹੱਈਆ ਕਰਵਾਉਣ ਵਾਲੀ ਕੰਪਨੀ ਦਾ ਕਹਿਣਾ ਹੈ ਕਿ ਮੁਖਤਾਰ ਅੰਸਾਰੀ ਨੂੰ ਮੋਹਾਲੀ ਲਿਜਾਣ ਵਾਲੀ ਐਂਬੂਲੈਂਸ ਉੱਤਰ ਪ੍ਰਦੇਸ਼ ਦੇ ਕਿਸੇ ਵੀ ਸਰਕਾਰੀ ਹਸਪਤਾਲ ਨਾਲ ਜੁੜੀ ਨਹੀਂ ਹੈ।
ਮਊ ਤੋਂ ਬਸਪਾ ਸੰਸਦ ਮੈਂਬਰ ਅਤੁਲ ਰਾਏ ਨੇ ਦੱਸਿਆ ਮੁਖਤਾਰ ਤੋਂ ਜਾਨ ਦਾ ਖਤਰਾ
ਮਊ ਦੇ ਘੋਸੀ ਲੋਕ ਸਭਾ ਹਲਕੇ ਤੋਂ ਬਸਪਾ ਦੇ ਸੰਸਦ ਮੈਂਬਰ ਅਤੁਲ ਰਾਏ ਨੇ ਮਊ ਸਦਰ ਤੋਂ ਆਪਣੀ ਹੀ ਪਾਰਟੀ ਦੇ ਵਿਧਾਇਕ ਮੁਖਤਾਰ ਅੰਸਾਰੀ ਤੋਂ ਜਾਨ ਦਾ ਖਤਰਾ ਦੱਸਦੇ ਹੋਏ ਮੁੱਖ ਮੰਤਰੀ, ਮੁੱਖ ਸਕੱਤਰ ਗ੍ਰਹਿ ਅਤੇ ਪੁਲਸ ਡਾਇਰੈਕਟਰ ਜਨਰਲ ਨੂੰ ਪੱਤਰ ਲਿਖਿਆ ਹੈ। ਰਾਏ ਨੇ ਚਿੱਠੀ ’ਚ ਲਿਖਿਆ ਹੈ ਕਿ ਨੈਨੀ ਜੇਲ ’ਚ ਮੁਖਤਾਰ ਦੇ ਆਉਣ ਨਾਲ ਮੇਰੀ ਜਾਨ ਨੂੰ ਖਤਰਾ ਹੋਵੇਗਾ। ਅਤੁਲ ਰਾਏ ਨੇ ਵਾਰਾਣਸੀ, ਸੋਨਭਦਰ ਤੋਂ ਲੈ ਕੇ ਮਊ ਤੱਕ ਦੇ ਕਈ ਮਾਮਲਿਆਂ ਦਾ ਵੀ ਪੱਤਰ ’ਚ ਜ਼ਿਕਰ ਕੀਤਾ ਹੈ। ਉਨ੍ਹਾਂ ਪੱਤਰ ’ਚ ਮੁਖਤਾਰ ਅੰਸਾਰੀ ਗੈਂਗ ਤੋਂ ਖਤਰਾ ਦੱਸਦੇ ਹੋਏ ਨੈਨੀ ਜੇਲ ’ਚ ਮੁਖਤਾਰ ਨੂੰ ਸ਼ਿਫਟ ਨਾ ਕਰਨ ਦੀ ਅਪੀਲ ਕੀਤੀ ਹੈ।
ਜ਼ਿਕਰਯੋਗ ਹੈ ਕਿ ਪ੍ਰਯਾਗਰਾਜ ਦੀ ਨੈਨੀ ਜੇਲ ’ਚ ਹੀ ਬਸਪਾ ਦੇ ਐੱਮ. ਪੀ. ਅਤੁਲ ਰਾਏ ਬੰਦ ਹਨ। ਅਤੁਲ ਨੂੰ ਕਦੇ ਮੁਖਤਾਰ ਦੇ ਸਭ ਤੋਂ ਵੱਧ ਨੇੜਲਿਆਂ ’ਚ ਗਿਣਿਆ ਜਾਂਦਾ ਸੀ ਪਰ ਹੁਣ ਉਸ ਨੂੰ ਉਸੇ ਤੋਂ ਜਾਨ ਦਾ ਖਤਰਾ ਹੈ।