ਐਨਕਾਊਂਟਰ ''ਚ ਮੁਖਤਾਰ ਅੰਸਾਰੀ ਦਾ ਸ਼ੂਟਰ ਢੇਰ, 2.5 ਲੱਖ ਰੁਪਏ ਦਾ ਸੀ ਇਨਾਮ
Sunday, Mar 30, 2025 - 03:15 AM (IST)

ਨੈਸ਼ਨਲ ਡੈਸਕ - ਮੁਖਤਾਰ ਅੰਸਾਰੀ ਗੈਂਗ ਦਾ ਬਦਨਾਮ ਸ਼ੂਟਰ ਅਨੁਜ ਕਨੌਜੀਆ ਆਖਿਰਕਾਰ ਪੁਲਸ ਐਨਕਾਊਂਟਰ ਵਿੱਚ ਮਾਰਿਆ ਗਿਆ। ਉੱਤਰ ਪ੍ਰਦੇਸ਼ ਐਸ.ਟੀ.ਐਫ. (ਗੋਰਖਪੁਰ ਯੂਨਿਟ) ਅਤੇ ਝਾਰਖੰਡ ਪੁਲਸ ਦੀ ਸਾਂਝੀ ਟੀਮ ਨੇ ਜਮਸ਼ੇਦਪੁਰ ਵਿੱਚ ਉਸ ਨੂੰ ਘੇਰ ਲਿਆ, ਜਿਸ ਤੋਂ ਬਾਅਦ ਦੋਵਾਂ ਪਾਸਿਆਂ ਤੋਂ ਭਾਰੀ ਗੋਲੀਬਾਰੀ ਹੋਈ। ਮੁਕਾਬਲੇ ਵਿੱਚ ਅਨੁਜ ਕਨੌਜੀਆ ਨੂੰ ਪੁਲਸ ਨੇ ਮਾਰ ਦਿੱਤਾ।
ਅਨੁਜ ਕਨੌਜੀਆ 2.5 ਲੱਖ ਰੁਪਏ ਦਾ ਇਨਾਮੀ ਅਪਰਾਧੀ ਸੀ ਅਤੇ ਪੁਲਸ ਨੂੰ ਕਈ ਗੰਭੀਰ ਮਾਮਲਿਆਂ ਵਿੱਚ ਉਸਦੀ ਭਾਲ ਸੀ। ਪੁਲਸ ਮੁਤਾਬਕ ਉਹ ਮੁਖਤਾਰ ਅੰਸਾਰੀ ਗੈਂਗ ਲਈ ਸ਼ੂਟਰ ਭਰਤੀ ਕਰਦਾ ਸੀ ਅਤੇ ਕਤਲ ਦੀ ਸਾਜ਼ਿਸ਼ ਰਚਦਾ ਸੀ। ਪੁਲਸ ਨੇ ਮੌਕੇ ਤੋਂ ਹਥਿਆਰ ਅਤੇ ਹੋਰ ਇਤਰਾਜ਼ਯੋਗ ਸਮਾਨ ਬਰਾਮਦ ਕੀਤਾ ਹੈ। ਇਹ ਜਾਣਕਾਰੀ ਯੂਪੀ ਐਸ.ਟੀ.ਐਫ. ਦੇ ਮੁਖੀ ਅਮਿਤਾਭ ਯਸ਼ ਨੇ ਦਿੱਤੀ।
ਅਨੁਜ ਕਨੌਜੀਆ ਖ਼ਿਲਾਫ਼ 23 ਕੇਸ ਦਰਜ
ਪੁਲਸ ਅਨੁਸਾਰ ਅਨੁਜ ਕਨੌਜੀਆ ਕਤਲ ਅਤੇ ਲੁੱਟ-ਖੋਹ ਸਮੇਤ ਕਈ ਗੰਭੀਰ ਅਪਰਾਧਾਂ ਵਿੱਚ ਸ਼ਾਮਲ ਸੀ। ਉਸ ਖ਼ਿਲਾਫ਼ 23 ਤੋਂ ਵੱਧ ਕੇਸ ਦਰਜ ਸਨ। ਉਹ ਕਾਫੀ ਸਮੇਂ ਤੋਂ ਫਰਾਰ ਸੀ, ਜਿਸ ਕਾਰਨ ਯੂਪੀ ਪੁਲਸ ਲਗਾਤਾਰ ਉਸ ਦੀ ਭਾਲ ਕਰ ਰਹੀ ਸੀ।
ਅਨੁਜ ਕਨੌਜੀਆ ਦਾ ਵਿਆਹ ਵੀ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਸੀ। ਰੀਨਾ ਰਾਏ ਨਾਂ ਦੀ ਲੜਕੀ ਕਿਸੇ ਸਮੱਸਿਆ ਕਾਰਨ ਅਨੁਜ ਕਨੌਜੀਆ ਦੇ ਸੰਪਰਕ ਵਿੱਚ ਆਈ। ਜਦੋਂ ਇਕ ਨੌਜਵਾਨ ਉਸ ਨੂੰ ਵਾਰ-ਵਾਰ ਪ੍ਰੇਸ਼ਾਨ ਕਰ ਰਿਹਾ ਸੀ ਤਾਂ ਅਨੁਜ ਨੇ ਉਸ ਨੂੰ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਰੀਨਾ ਨੇ ਅਨੁਜ ਨੂੰ ਪਸੰਦ ਕਰਨਾ ਸ਼ੁਰੂ ਕਰ ਦਿੱਤਾ ਅਤੇ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਉਸ ਨਾਲ ਵਿਆਹ ਕਰ ਲਿਆ।
ਅਨੁਜ ਕਨੌਜੀਆ ਦੀ ਪਤਨੀ ਮਊ ਜੇਲ੍ਹ ਵਿੱਚ ਬੰਦ
ਜਦੋਂ ਅਨੁਜ ਜੇਲ੍ਹ ਵਿੱਚ ਸੀ ਤਾਂ ਉਸ ਦਾ ਵਿਆਹ ਪੁਲਸ ਹਿਰਾਸਤ ਵਿੱਚ ਹੋਇਆ ਸੀ। ਵਿਆਹ ਤੋਂ ਬਾਅਦ ਰੀਨਾ ਹੀ ਉਸ ਦੇ ਗੈਰ-ਕਾਨੂੰਨੀ ਧੰਦਿਆਂ ਨੂੰ ਸੰਭਾਲਣ ਲੱਗੀ। 2023 ਵਿੱਚ, ਪੁਲਸ ਨੇ ਰੀਨਾ ਨੂੰ ਰਾਂਚੀ, ਝਾਰਖੰਡ ਤੋਂ ਫਿਰੌਤੀ ਦੇ ਇੱਕ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ। ਇਸ ਸਮੇਂ ਉਹ ਮਊ ਜੇਲ੍ਹ ਵਿੱਚ ਬੰਦ ਹੈ ਅਤੇ ਉਸਦੇ ਦੋ ਬੱਚੇ ਵੀ ਉਸਦੇ ਨਾਲ ਹਨ।