ਨਦੀ ''ਚ ਵਹਿ ਗਈ SUV, ਸਾਬਕਾ ਮੰਤਰੀ ਦਾ 19 ਸਾਲਾ ਪੁੱਤਰ ਸਣੇ 3 ਲੋਕ ਬਚਾਏ ਗਏ
Saturday, Sep 16, 2023 - 10:28 AM (IST)
ਇੰਦੌਰ- ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ 'ਚ ਮੋਹਲੇਧਾਰ ਮੀਂਹ ਮਗਰੋਂ ਚੋਰਲ ਨਦੀ ਵਿਚ ਸ਼ੁੱਕਰਵਾਰ ਰਾਤ ਇਕ ਐੱਸ. ਯੂ. ਵੀ. ਕਾਰ ਵਹਿ ਗਈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਸੂਬੇ ਦੀ ਸਾਬਕਾ ਮੰਤਰੀ ਰੰਜਨਾ ਬਘੇਲ ਦੇ 19 ਸਾਲਾ ਪੁੱਤਰ ਸਮੇਤ 3 ਲੋਕ ਇਸ ਗੱਡੀ 'ਚ ਸਵਾਰ ਸਨ, ਜਿਨ੍ਹਾਂ ਨੂੰ ਪੁਲਸ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਬਚਾਅ ਲਿਆ। DSP ਉਮਾਕਾਂਤ ਚੌਧਰੀ ਮੁਤਾਬਕ ਹਾਦਸਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 45 ਕਿਲੋਮੀਟਰ ਦੂਰ ਇਕ ਪੇਂਡੂ ਖੇਤਰ 'ਚ ਸ਼ੁੱਕਰਵਾਰ ਰਾਤ ਵਾਪਰਿਆ, ਜਦੋਂ ਚੋਰਲ ਨਦੀ ਦਾ ਪਾਣੀ ਪੁਲ 'ਤੇ ਆਉਣ ਦੇ ਬਾਵਜੂਦ SUV ਨੂੰ ਉਥੋਂ ਲੰਘਾਉਣ ਦੀ ਕੋਸ਼ਿਸ਼ ਕੀਤੀ ਗਈ। ਚੌਧਰੀ ਮੁਤਾਬਕ ਹਾਦਸੇ ਸਮੇਂ SUV 'ਚ ਸੂਬੇ ਦੀ ਸਾਬਕਾ ਮੰਤਰੀ ਰੰਜਨਾ ਬਘੇਲ ਦਾ ਪੁੱਤਰ ਯਸ਼, ਤੇਜਸ ਅਤੇ ਮਾਲਿਆ ਨਾਂ ਦੇ ਵਿਅਕਤੀ ਸਵਾਰ ਸਨ।
ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ 10 ਵਜੇ ਦੇ ਕਰੀਬ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪੁੱਜੀ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਤਿੰਨਾਂ ਨੂੰ ਬਚਾਇਆ ਗਿਆ। ਚੌਧਰੀ ਨੇ ਦੱਸਿਆ ਕਿ ਬਘੇਲ ਦੇ ਪੁੱਤਰ ਯਸ਼ ਨੂੰ ਤੈਰਨਾ ਆਉਂਦਾ ਸੀ ਪਰ ਉਹ ਨਦੀ ਦੇ ਤੇਜ਼ ਵਹਾਅ ਵਿਚ ਫਸ ਗਿਆ। ਯਸ਼ ਕਿਸੇ ਤਰ੍ਹਾਂ ਇਕ ਦਰੱਖ਼ਤ ਦੀ ਟਾਹਣੀ ਫੜਨ ਵਿਚ ਸਫਲ ਹੋ ਗਿਆ। ਅਸੀਂ ਕਈ ਕੋਸ਼ਿਸ਼ਾਂ ਤੋਂ ਬਾਅਦ ਰੱਸੀ ਸੁੱਟ ਕੇ ਉਸ ਨੂੰ ਬਚਾਇਆ।
ਇਸ ਦਰਮਿਆਨ ਚਸ਼ਮਦੀਦਾਂ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਤੋਂ ਜਾਰੀ ਮੀਂਹ ਮਗਰੋਂ ਇੰਦੌਰ ਸ਼ਹਿਰ ਦੇ ਕਈ ਇਲਾਕਿਆਂ ਵਿਚ ਪਾਣੀ ਭਰ ਜਾਣ ਨਾਲ ਜਨ-ਜੀਵਨ ਬੇਹਾਲ ਹੋ ਗਿਆ। ਇੰਦੌਰ ਦੇ ਜ਼ਿਲ੍ਹਾ ਅਧਿਕਾਰੀ ਇਲੈਯਾਰਾਜਾ ਟੀ ਨੇ ਦੱਸਿਆ ਕਿ ਸ਼ਹਿਰ ਦੇ ਹੇਠਲੇ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾ ਰਿਹਾ ਹੈ। ਮੀਂਹ ਕਾਰਨ ਜ਼ਿਲ੍ਹੇ ਦੇ ਸਾਰੇ ਸਕੂਲਾਂ 'ਚ ਸ਼ਨੀਵਾਰ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਮੌਸਮ ਵਿਭਾਗ ਦੇ ਡਿਪਟੀ ਡਾਇਰੈਕਟਰ ਵੀ. ਪੀ. ਐਸ ਚੰਦੇਲ ਮੁਤਾਬਕ ਸ਼ੁੱਕਰਵਾਰ ਸਵੇਰੇ 8:30 ਵਜੇ ਤੋਂ ਸ਼ਨੀਵਾਰ ਸਵੇਰੇ 8:30 ਵਜੇ ਤੱਕ ਇੰਦੌਰ ਸ਼ਹਿਰ 'ਚ 171 ਮਿਲੀਮੀਟਰ (6.73 ਇੰਚ) ਮੀਂਹ ਦਰਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸ਼ਨੀਵਾਰ ਨੂੰ ਸ਼ਹਿਰ ਮੀਂਹ ਪੈਣ ਦੀ ਸੰਭਾਵਨਾ ਹੈ।