ਦਰਜਨਾਂ ਗਾਵਾਂ ਨਾਲ ਬੇਰਹਿਮੀ, ਨਦੀ ਦੇ ਤੇਜ਼ ਵਹਾਅ ''ਚ ਸੁੱਟੀਆਂ

Wednesday, Aug 28, 2024 - 02:17 PM (IST)

ਦਰਜਨਾਂ ਗਾਵਾਂ ਨਾਲ ਬੇਰਹਿਮੀ, ਨਦੀ ਦੇ ਤੇਜ਼ ਵਹਾਅ ''ਚ ਸੁੱਟੀਆਂ

ਸਤਨਾ- ਮੱਧ ਪ੍ਰਦੇਸ਼ ਦੇ ਸਤਨਾ ਜ਼ਿਲ੍ਹੇ ਵਿਚ ਇਕ ਸਮੂਹ ਵਲੋਂ ਕੁਝ ਗਾਵਾਂ ਨੂੰ ਨਦੀ 'ਚ ਸੁੱਟਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ। ਇਸ ਘਟਨਾ ਮਗਰੋਂ ਪੁਲਸ ਨੇ 4 ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਸ਼ੁਰੂਆਤੀ ਰਿਪਰੋਟਾਂ ਮੁਤਾਬਕ ਨਾਗੌਦ ਪੁਲਸ ਥਾਣੇ ਦੀ ਸਰਹੱਦ ਅਧੀਨ ਮੰਗਲਵਾਰ ਨੂੰ ਵਾਪਰੀ ਇਸ ਘਟਨਾ ਵਿਚ 15 ਤੋਂ 20 ਗਾਵਾਂ ਦੀ ਮੌਤ ਹੋ ਗਈ ਹੈ ਪਰ ਅਜੇ ਤੱਕ ਇਸ ਜਾਣਕਾਰੀ ਦੀ ਪੁਸ਼ਟੀ ਨਹੀਂ ਹੋਈ ਹੈ।

ਨਾਗੌਦ ਪੁਲਸ ਥਾਣਾ ਇੰਚਾਰਜ ਅਸ਼ੋਕ ਪਾਂਡੇ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਨੂੰ ਬਮਹੋਰ ਕੋਲ ਰੇਲਵੇ ਪੁਲ ਦੇ ਹੇਠਾਂ ਕੁਝ ਲੋਕਾਂ ਵਲੋਂ ਗਾਵਾਂ ਨੂੰ ਸੁੱਟੇ ਜਾਣ ਦਾ ਵੀਡੀਓ ਸਾਹਮਣੇ ਆਇਆ। ਇਸ 'ਤੇ ਨੋਟਿਸ ਲੈਂਦਿਆਂ ਪੁਲਸ ਟੀਮ ਨੂੰ ਮੌਕੇ 'ਤੇ ਭੇਜਿਆ ਗਿਆ ਅਤੇ ਫਿਰ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ 4 ਲੋਕਾਂ ਦੀ ਪਛਾਣ ਬੇਟਾ ਬਾਗੜੀ, ਰਵੀ ਬਾਗੜੀ, ਰਾਮਪਾਲ ਚੌਧਰੀ ਅਤੇ ਰਾਜਲੂ ਚੌਧਰੀ ਵਜੋਂ ਹੋਈ ਹੈ। ਇਨ੍ਹਾਂ ਖ਼ਿਲਾਫ਼ ਮੱਧ ਪ੍ਰਦੇਸ਼ ਗਊ ਹੱਤਿਆ ਰੋਕੂ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਭਾਰਤੀ ਨਿਆਂ ਸੰਹਿਤਾ (BNS) ਤਹਿਤ ਵੀ ਕੇਸ ਦਰਜ ਕੀਤਾ ਗਿਆ ਹੈ। ਪਾਂਡੇ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਦੁਪਹਿਰ ਨੂੰ ਵਾਪਰੀ। ਸ਼ੁਰੂਆਤੀ ਜਾਣਕਾਰੀ ਮੁਤਾਬਕ ਲਗਭਗ 50 ਗਾਵਾਂ ਸਨ ਅਤੇ ਉਨ੍ਹਾਂ 'ਚੋਂ 15 ਤੋਂ 20 ਦੀ ਮੌਤ ਹੋ ਗਈ। ਬਚਾਅ ਕਾਰਜ ਜਾਰੀ ਹਨ। ਪਾਂਡੇ ਨੇ ਦੱਸਿਆ ਕਿ ਨਦੀ ਵਿਚ ਸੁੱਟੀਆਂ ਗਈਆਂ ਗਾਵਾਂ ਦੀ ਸਹੀ ਗਿਣਤੀ ਅਤੇ ਉਨ੍ਹਾਂ ਦੀ ਮੌਤ ਦਾ ਪਤਾ ਜਾਂਚ ਤੋਂ ਬਾਅਦ ਹੀ ਲੱਗੇਗਾ। ਪਲਿਸ ਨੇ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਅਤੇ ਛਾਪੇਮਾਰੀ ਕੀਤੀ ਜਾ ਰਹੀ ਹੈ।


author

Tanu

Content Editor

Related News