ਸਹਿਕਾਰੀ ਬੈਂਕ ''ਚ 51 ਲੱਖ ਦਾ ਘਪਲਾ ਕਰਨ ਵਾਲੇ ਖ਼ਜ਼ਾਨਚੀ ਨੂੰ ਉਮਰ ਕੈਦ, ਲੱਗਾ ਮੋਟਾ ਜੁਰਮਾਨਾ

Tuesday, Jan 17, 2023 - 01:03 PM (IST)

ਇੰਦੌਰ- ਇੰਦੌਰ ਦੇ ਇਕ ਸਹਿਕਾਰੀ ਬੈਂਕ ਵਿਚ ਕਰੀਬ 51 ਲੱਖ ਰੁਪਏ ਦੀ ਨਕਦੀ ਦੇ ਘਪਲੇ 'ਤੇ ਜ਼ਿਲ੍ਹਾ ਅਦਾਲਤ ਨੇ ਬੈਂਕ ਦੇ ਖ਼ਜ਼ਾਨਚੀ ਨੂੰ ਉਮਰ ਕੈਦ ਦੇ ਨਾਲ 50 ਲੱਖ ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸਤਗਾਸਾ ਪੱਖ ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਮੁਤਾਬਕ ਸਹਿਕਾਰੀ ਬੈਂਕ ਵਿਚ ਗੜਬੜੀ ਦੇ ਸਾਲ 2018 ਦੌਰਾਨ ਹੋਏ ਖ਼ੁਲਾਸੇ ਮਗਰੋਂ ਮੁਜ਼ਰਿਮ ਨੇ ਜਾਂਚਕਰਤਾਵਾਂ ਦੇ ਸਾਹਮਣੇ ਨਾਟਕੀ ਕਹਾਣੀ ਗੜ੍ਹੀ ਸੀ ਕਿ ਉਸ ਨੇ ਘਪਲੇ ਦੀ ਰਕਮ ਦਾ ਹਿੱਸਾ ਇਸ ਨੂੰ ਦੁੱਗਣਾ ਕਰਨ ਲਈ ਇਕ ਤਾਂਤਰਿਕ ਨੂੰ ਦੇ ਦਿੱਤਾ ਸੀ। ਵਧੀਕ ਸੈਸ਼ਨ ਜੱਜ ਉੱਤਮ ਕੁਮਾਰ ਡਾਰਵੀ ਨੇ ਮਾਮਲੇ ਵਿਚ ਨਾਰਾਇਣ ਸਿੰਘ ਮਕਵਾਨਾ ਨੂੰ ਆਈ. ਪੀ. ਸੀ. ਦੀ ਧਾਰਾ-409 ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਅਤੇ ਉਸ 'ਤੇ 50 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ। 

ਸੈਸ਼ਨ ਅਦਾਲਤ ਨੇ ਮੁਜ਼ਰਿਮ ਨੂੰ ਘੱਟ ਤੋਂ ਘੱਟ ਸਜ਼ਾ ਦੇਣ ਦੀ ਬਚਾਅ ਪੱਖ ਦੀ ਗੁਹਾਰ ਨੂੰ ਖਾਰਜ ਕਰਦਿਆਂ ਕਿਹਾ ਕਿ ਬੈਂਕ ਦੀ ਰਾਸ਼ੀ ਦਾ ਘਪਲਾ ਆਮ ਜਨਤਾ ਦੇ ਖਿਲਾਫ ਅਪਰਾਧ ਹੈ। ਅਦਾਲਤ ਨੇ ਕਿਹਾ ਕਿ ਜੇਕਰ ਇਸ ਮਾਮਲੇ ਵਿਚ ਮੁਜ਼ਰਿਮ ਨੂੰ ਘੱਟ ਤੋਂ ਘੱਟ ਸਜ਼ਾ ਦਿੱਤੀ ਗਈ ਤਾਂ ਸਮਾਜ 'ਤੇ ਇਸ ਦਾ ਉਲਟ ਅਸਰ ਪਵੇਗਾ।
ਓਧਰ ਵਿਸ਼ੇਸ਼ ਸਰਕਾਰੀ ਵਕੀਲ ਸੰਜੇ ਸ਼ੁਕਲਾ ਨੇ ਦੱਸਿਆ ਕਿ ਮਕਵਾਨਾ 'ਤੇ ਅਦਾਲਤ 'ਚ ਜੁਰਮ ਸਾਬਤ ਹੋਇਆ ਕਿ ਉਸ ਨੇ ਇੰਦੌਰ ਪ੍ਰੀਮੀਅਰ ਕੋ-ਆਪਰੇਟਿਵ ਬੈਂਕ ਦੀ ਸ਼ਾਖਾ ਵਿਚ ਖ਼ਜ਼ਾਨਚੀ ਦਾ ਕੰਮ ਕਰਨ ਦੌਰਾਨ 50 ਲੱਖ 94 ਹਜ਼ਾਰ 176 ਰੁਪਏ ਦੀ ਨਕਦੀ ਦੀ ਨਿੱਜੀ ਵਰਤੋਂ ਲਈ ਘਪਲਾ ਕੀਤਾ। 

ਸ਼ੁਕਲਾ ਨੇ ਕਿਹਾ ਕਿ ਸਹਿਕਾਰੀ ਬੈਂਕ ਵਿਚ ਗੜਬੜੀ ਦੇ ਖ਼ੁਲਾਸੇ ਮਗਰੋਂ ਮੁਜ਼ਰਿਮ ਨੇ ਨਾਟਕੀ ਕਹਾਣੀ ਗੜ੍ਹੀ ਸੀ ਕਿ ਉਸ ਨੇ ਘਪਲੇ ਦੀ ਰਕਮ ਦਾ ਇਕ ਹਿੱਸਾ ਦੁੱਗਣਾ ਕਰਨ ਦੇ ਮਕਸਦ ਨਾਲ ਇਕ ਤਾਂਤਰਿਕ ਪੋਟਲੀ ਵਿਚ ਭਰ ਕੇ ਦਿੱਤਾ ਸੀ ਪਰ ਉਸ ਦੀ ਇਸ ਗੱਲ 'ਚ ਨਾ ਤਾਂ ਜਾਂਚ ਵਿਚ ਇਹ ਤੱਥ ਸਾਹਮਣੇ ਆਇਆ, ਨਾ ਹੀ ਉਹ ਅਦਾਲਤ ਵਿਚ ਇਸ ਨੂੰ ਸਾਬਤ ਕਰ ਸਕਿਆ।


Tanu

Content Editor

Related News