ਵਿਆਹ ਨਾ ਹੋਣ ਤੋਂ ਨਾਰਾਜ਼ ਨੌਜਵਾਨ ਨੇ ਬੈਟ ਨਾਲ ਕੁੱਟ ਕੇ ਬਜ਼ੁਰਗ ਮਾਂ ਦਾ ਕੀਤਾ ਕਤਲ

Thursday, Nov 10, 2022 - 03:30 PM (IST)

ਵਿਆਹ ਨਾ ਹੋਣ ਤੋਂ ਨਾਰਾਜ਼ ਨੌਜਵਾਨ ਨੇ ਬੈਟ ਨਾਲ ਕੁੱਟ ਕੇ ਬਜ਼ੁਰਗ ਮਾਂ ਦਾ ਕੀਤਾ ਕਤਲ

ਭੋਪਾਲ- ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ’ਚ ਵਿਆਹ ਨਾ ਹੋਣ ਤੋਂ ਨਾਰਾਜ਼ 32 ਸਾਲਾ ਨੌਜਵਾਨ ਨੇ ਆਪਣੀ 67 ਸਾਲਾ ਮਾਂ ਦਾ ਕ੍ਰਿਕਟ ਬੈਟ ਨਾਲ ਕੁੱਟ-ਕੱਟ ਕੇ ਕਤਲ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਮਾਂ ਦੀ ਮੌਤ ਮਗਰੋਂ ਜੁਰਮ ਲੁਕਾਉਣ ਦੇ ਇਰਾਦੇ ਨਾਲ ਦੋਸ਼ੀ ਨੇ ਛੱਤ ਤੋਂ ਡਿੱਗਣ ਦੀ ਗੱਲ ਆਖੀ। ਹਾਲਾਂਕਿ ਪੁਲਸ ਨੇ ਉਸ ਨੂੰ ਕਤਲ ਦੇ ਦੋਸ਼ ’ਚ ਗ੍ਰਿਫ਼ਤਾਰ ਕਰ ਲਿਆ ਹੈ। 

ਕੋਹੇਫਿਜ਼ਾ ਥਾਣਾ ਇੰਚਾਰਜ ਵਿਜੇ ਸਿੰਘ ਸਿਸੋਦੀਆ ਨੇ ਦੱਸਿਆ ਕਿ ਘਟਨਾ ਮੰਗਲਵਾਰ ਰਾਤ ਨੂੰ ਖਾਨੂ ਪਿੰਡ ’ਚ ਬਿਸਮਿੱਲਾ ਮਸਜਿਦ ਦੇ ਕੋਲ ਪਰਿਵਾਰ ਨਾਲ ਰਹਿਣ ਵਾਲੀ ਆਸਮਾ ਫਾਰੂਕ ਨਾਲ ਵਾਪਰੀ। ਉਨ੍ਹਾਂ ਨੇ ਦੱਸਿਆ ਕਿ ਆਸਮਾ ਦੇ ਦੋ ਪੁੱਤਰ ਹਨ, ਜਿਨ੍ਹਾਂ ਵਿਚ ਵੱਡਾ ਪੁੱਤਰ ਅਤਾਉੱਲਾ ਵਿਆਹਿਆ ਹੈ, ਜਦਕਿ ਛੋਟੇ ਪੁੱਤਰ ਅਬਦੁੱਲ ਅਹਿਦ ਫਰਹਾਨ ਦਾ ਮਾਨਸਿਕ ਕਮਜ਼ੋਰੀ ਕਾਰਨ ਵਿਆਹ ਨਹੀਂ ਹੋ ਸਕਿਆ। 

ਵਿਆਹ ਨਾ ਹੋਣ ਕਰ ਕੇ ਫਰਹਾਨ ਅਕਸਰ ਮਾਂ ਨਾਲ ਝਗੜਾ ਕਰਦਾ ਰਹਿੰਦਾ ਸੀ। ਮੰਗਲਵਾਰ ਦੀ ਰਾਤ ਅਤਾਉੱਲਾ ਆਪਣੀ ਪਤਨੀ ਨੂੰ ਲੈਣ ਆਪਣੇ ਸਹੁਰੇ ਗਿਆ ਸੀ ਅਤੇ ਉੱਥੋਂ ਪਰਤ ਕੇ ਉਸ ਨੇ ਰਾਤ ਨੂੰ ਕਮਰੇ ’ਚ ਮਾਂ ਨੂੰ ਖੂਨ ਨਾਲ ਲਹੂ-ਲੁਹਾਨ ਵੇਖਿਆ। ਪੁਲਸ ਮੁਤਾਬਕ ਜਦੋਂ ਅਤਾਉੱਲਾ ਨੇ ਫਰਹਾਨ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਕਿ ਮਾਂ ਛੱਤ ਤੋਂ ਡਿੱਗ ਕੇ ਜ਼ਖਮੀ ਹੋ ਗਈ। ਪੁਲਸ ਨੇ ਦੱਸਿਆ ਕਿ ਹਸਪਤਾਲ ਲੈ ਜਾਣ ’ਤੇ ਡਾਕਟਰਾਂ ਨੇ ਬਜ਼ੁਰਗ ਔਰਤ ਨੂੰ ਮ੍ਰਿਤਕ ਐਲਾਨ ਕਰ ਦਿੱਤਾ। 

ਪੁਲਸ ਵਲੋਂ ਘਟਨਾ ਵਾਲੀ ਥਾਂ ਦਾ ਮੁਆਇਨਾ ਕਰਨ ਮਗਰੋਂ ਸ਼ੱਕ ਦੇ ਆਧਾਰ ’ਤੇ ਫਰਹਾਨ ਤੋਂ ਪੁੱਛ-ਗਿੱਛ ਕੀਤੀ ਗਈ ਤਾਂ ਉਸ ਨੇ ਬੈਟ ਨਾਲ ਤਾਬੜਤੋੜ ਵਾਰ ਕਰ ਕੇ ਮਾਂ ਦਾ ਕਤਲ ਕਰਨ ਦੀ ਗੱਲ ਕਬੂਲ ਕਰ ਲਈ। ਸਿਰ ’ਚ ਸੱਟਾਂ ਲੱਗਣ ਨਾਲ ਔਰਤ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਕਤਲ ਦੇ ਦੋਸ਼ ਵਿਚ ਅਬਦੁੱਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ।


author

Tanu

Content Editor

Related News