ਮੱਧ ਪ੍ਰਦੇਸ਼: ਭੋਪਾਲ ’ਚ ਡੇਂਗੂ ਦੇ 107 ਮਰੀਜ਼, ਕੋਈ ਮੌਤ ਨਹੀਂ
Saturday, Sep 04, 2021 - 04:32 PM (IST)
ਭੋਪਾਲ (ਭਾਸ਼ਾ)— ਮੱਧ ਪ੍ਰਦੇਸ਼ ਦੇ ਭੋਪਾਲ ਜ਼ਿਲ੍ਹੇ ਵਿਚ ਪਿਛਲੇ 24 ਘੰਟਿਆਂ ’ਚ ਡੇਂਗੂ ਦੇ 6 ਨਵੇਂ ਮਾਮਲੇ ਦਰਜ ਕੀਤੇ ਗਏ। ਇਸ ਦੇ ਨਾਲ ਹੀ ਭੋਪਾਲ ਜ਼ਿਲ੍ਹੇ ਵਿਚ ਇਸ ਸਾਲ ਹੁਣ ਤੱਕ ਡੇਂਗੂ ਦੇ 107 ਮਾਮਲੇ ਹੋ ਗਏ ਹਨ। ਇਹ ਜਾਣਕਾਰੀ ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਦਿੱਤੀ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਇਸ ਸਾਲ ਮੱਛਰ ਜਨਿਤ ਇਸ ਬੀਮਾਰੀ ਕਾਰਨ ਭੋਪਾਲ ਜ਼ਿਲ੍ਹੇ ਵਿਚ ਕਿਸੇ ਦੀ ਮੌਤ ਦੀ ਸੂਚਨਾ ਨਹੀਂ ਹੈ। ਜ਼ਿਲ੍ਹਾ ਮਲੇਰੀਆ ਅਧਿਕਾਰੀ ਡਾ. ਅਖਿਲੇਸ਼ ਦੁਬੇ ਨੇ ਦੱਸਿਆ ਕਿ ਭੋਪਾਲ ਜ਼ਿਲ੍ਹੇ ਵਿਚ ਇਸ ਸਾਲ 1 ਜਨਵਰੀ ਤੋਂ ਹੁਣ ਤੱਕ ਡੇਂਗੂ ਦੇ 107 ਮਾਮਲੇ ਆਏ ਹਨ। ਇਨ੍ਹਾਂ ’ਚੋਂ ਜ਼ਿਆਦਾ ਮਾਮਲੇ ਭੋਪਾਲ ਵਿਚ ਸਾਹਮਣੇ ਆਏ।
ਡਾ. ਅਖਿਲੇਸ਼ ਨੇ ਕਿਹਾ ਕਿ ਸ਼ਹਿਰ ਦੇ 85 ਵਾਰਡਾਂ ’ਚੋਂ 10 ਵਾਰਡਾਂ ’ਚ ਡੇਂਗੂ ਦੇ 85 ਫ਼ੀਸਦੀ ਮਾਮਲੇ ਹਨ। ਇਹ ਸਥਾਨ ਹਨ-ਟੀਲਾ ਜਮਾਲਪੁਰਾ, ਹਲਾਲਪੁਰਾ, ਪੀਰਗੇਟ, ਬੁਧਵਾਰਾ, ਕਮਲਾ ਨਗਰ, ਸਾਕੇਤ ਨਗਰ, ਏਮਜ਼ ਹੌਸਟਲ, ਕਟਾਰਾ ਹਿੱਲਜ਼, ਬਰਖੇੜਾ ਪਠਾਨੀ ਅਤੇ ਹਰਸ਼ਵਰਧਨ ਨਗਰ। ਇਨ੍ਹਾਂ ਇਲਾਕਿਆਂ ’ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ। ਦੁਬੇ ਨੇ ਦੱਸਿਆ ਕਿ ਜਿਨ੍ਹਾਂ ਖੇਤਰਾਂ ’ਚ ਅਜਿਹੇ ਮਾਮਲਿਆਂ ਦੀ ਵਧ ਗਿਣਤੀ ਸਾਹਮਣੇ ਆਈ, ਉਨ੍ਹਾਂ ਦੀ ਜਾਂਚ ਲਈ 39 ਟੀਮਾਂ ਬਣਾਈਆਂ ਗਈਆਂ ਹਨ, ਜਿਸ ’ਚੋਂ ਹਰੇਕ ’ਚੋਂ 2 ਤੋਂ 3 ਡਾਕਟਰ ਸ਼ਾਮਲ ਹਨ।