ਅਨਾਥ ਤੇ ਬੇਸਹਾਰਾ ਲੋਕਾਂ ਦਾ ਸਹਾਰਾ ਬਣੀ ''ਮਦਰ ਟੈਰੇਸਾ'', ਜਯੰਤੀ ''ਤੇ ਲੋਕਾਂ ਨੇ ਕੀਤਾ ਯਾਦ
Wednesday, Aug 26, 2020 - 03:47 PM (IST)
ਕੋਲਕਾਤਾ— ਅੱਜ ਮਦਰ ਟੈਰੇਸਾ ਦੀ 110ਵੀਂ ਜਯੰਤੀ ਹੈ ਅਤੇ ਪੂਰਾ ਦੇਸ਼ ਉਨ੍ਹਾਂ ਨੂੰ ਯਾਦ ਕਰ ਰਿਹਾ ਹੈ। ਲੋੜਵੰਦਾਂ ਅਤੇ ਬੇਸਹਾਰਾ ਲੋਕਾਂ ਦੀ ਸੇਵਾ ਲਈ ਆਪਣੀ ਜ਼ਿੰਦਗੀ ਸਮਰਪਿਤ ਕਰਨ ਵਾਲੀ ਮਦਰ ਟੇਰੇਸਾ ਦਾ ਜਨਮ 26 ਅਗਸਤ 1910 ਨੂੰ ਮੈਸੀਡੋਨੀਆ ਦੇ ਸਕੋਪਜੇ ਸ਼ਹਿਰ ਵਿਚ ਹੋਇਆ ਸੀ। ਸਾਲ 1929 ਵਿਚ ਭਾਰਤ ਆਉਣ ਮਗਰੋਂ ਉਨ੍ਹਾਂ ਨੇ ਕੁਝ ਸਮੇਂ ਤੱਕ ਸੈਂਟ ਟੈਰੇਸਾ ਸਕੂਲ ਵਿਚ ਸਿਖਲਾਈ ਲਈ, ਫਿਰ ਉਨ੍ਹਾਂ ਨੇ ਕੋਲਕਾਤਾ ਦੇ ਸਕੂਲ 'ਚ ਪੜ੍ਹਾਉਣਾ ਸ਼ੁਰੂ ਕੀਤਾ। ਉਨ੍ਹਾਂ ਨੇ 7 ਅਕਤੂਬਰ 1950 ਨੂੰ ਕੋਲਕਾਤਾ ਮਿਸ਼ਨਰੀਜ਼ ਆਫ ਚੈਰਿਟੀ ਦੀ ਸਥਾਪਨਾ ਕੀਤੀ, ਜਿਸ 'ਚ ਅੱਜ ਵੀ ਅਨਾਥ ਅਤੇ ਬੇਸਹਾਰਾ ਲੋਕਾਂ ਨੂੰ ਸਹਾਰਾ ਦਿੱਤਾ ਜਾਂਦਾ ਹੈ। ਮਦਰ ਟੈਰੇਸਾ ਦੀ 110ਵੀਂ ਜਯੰਤੀ 'ਤੇ ਉਨ੍ਹਾਂ ਲਈ ਖ਼ਾਸ ਪ੍ਰਾਰਥਨਾ ਦਾ ਆਯੋਜਨ ਕੀਤਾ ਗਿਆ।
ਪੱਛਮੀ ਬੰਗਾਲ ਦੇ ਕੋਲਕਾਤਾ ਸਥਿਤੀ ਮਿਸ਼ਨਰੀਜ਼ ਆਫ ਚੈਰਿਟੀ ਵਿਚ ਮਦਰ ਟੇਰੇਸਾ ਦੀ 110ਵੀਂ ਜਯੰਤੀ 'ਤੇ ਉਨ੍ਹਾਂ ਨੂੰ ਯਾਦ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਦੀ ਸਮਾਧੀ 'ਤੇ ਲੋਕਾਂ ਨੇ ਸ਼ਰਧਾਂਜਲੀ ਭੇਟ ਕਰ ਕੇ ਪ੍ਰਾਰਥਨਾ ਕੀਤੀ। ਉੱਥੇ ਹੀ ਪੱਛਮੀ ਬੰਗਾਲ ਦੇ ਸਿਲੀਗੁੜੀ ਦੇ ਪ੍ਰਧਾਨ ਨਗਰ 'ਚ ਵੀ ਮਦਰ ਟੈਰੇਸਾ ਦੀ ਜਯੰਤੀ 'ਤੇ ਪ੍ਰਾਰਥਨਾ ਕੀਤੀ ਗਈ। ਇਸ ਮੌਕੇ 'ਤੇ ਸਿਸਟਰਸ ਵਲੋਂ ਮੋਮਬੱਤੀਆਂ ਜਗਾ ਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਜ਼ਿਕਰਯੋਗ ਹੈ ਕਿ ਮਿਸ਼ਨਰੀਜ਼ ਆਫ ਚੈਰਿਟੀ ਦੀਆਂ ਸ਼ਖਾਵਾਂ ਦੁਨੀਆ ਦੇ ਤਕਰੀਬਨ 130 ਦੇਸ਼ਾਂ 'ਚ ਖੁੱਲ੍ਹ ਚੁੱਕੀਆਂ ਹਨ, ਜਿਨ੍ਹਾਂ ਵਲੋਂ ਲਗਾਤਾਰ ਬੇਸਹਾਰਾ ਅਤੇ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਮਦਰ ਟੈਰੇਸਾ ਨੂੰ ਉਨ੍ਹਾਂ ਦੇ ਯੋਗਦਾਨ ਲਈ ਸਾਲ 1979 ਵਿਚ ਨੋਬਲ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ। ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਇਨਾਮ ਦੀ ਰਾਸ਼ੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਇਸ ਨੂੰ ਭਾਰਤ ਦੇ ਗਰੀਬ ਬੱਚਿਆਂ 'ਚ ਦਾਨ ਕਰ ਦਿੱਤਾ ਜਾਵੇ। ਉਨ੍ਹਾਂ ਦਾ ਦਿਹਾਂਤ 5 ਸਤੰਬਰ 1997 ਨੂੰ ਹੋਇਆ ਸੀ।