ਸੱਪ ਦੇ ਡੰਗਣ ਦੇ ਸਭ ਤੋਂ ਵੱਧ ਮਾਮਲੇ ਕਾਂਗੜਾ ਜ਼ਿਲੇ ’ਚ

07/21/2019 9:10:35 AM

ਸ਼ਿਮਲਾ—ਕਾਂਗੜਾ ਜ਼ਿਲੇ ’ਚ ਪਿਛਲੇ ਅੱਠ ਸਾਲਾਂ ਦੌਰਾਨ ਹਿਮਾਚਲ ਪ੍ਰਦੇਸ਼ ਵਿਚ ਸੱਪਾਂ ਦੇ ਡੰਗੇ ਜਾਣ ਦੇ ਸਭ ਤੋਂ ਵੱਧ 1,244 ਮਾਮਲੇ ਸਾਹਮਣੇ ਆਏ। ਇਹ ਸਾਰੇ ਮਾਮਲੇ 108 ਕੌਮੀ ਐਂਬੂਲੈਂਸ ਸੇਵਾ (ਐੱਨ. ਏ. ਐੱਸ.) ਨੇ ਸੰਭਾਲੇ, ਜਿਸ ਦੀਆਂ ਸੇਵਾਵਾਂ 25 ਦਸੰਬਰ 2010 ਨੂੰ ਆਰੰਭ ਹੋਈਆਂ। ਇਹ ਅੰਕੜਾ 30 ਜੂਨ ਤਕ ਦਾ ਹੈ। ਰਾਜ ਦੇ ਜੀ. ਵੀ. ਕੇ. ਹੰਗਾਮੀ ਪ੍ਰਬੰਧਨ ਅਤੇ ਖੋਜ ਸੰਸਥਾ (ਈ. ਐੱਮ. ਆਰ. ਆਈ.) ਵਲੋਂ ਸੱਪਾਂ ਦੇ ਡੰਗਾਂ ਬਾਰੇ ਇਸ ਦੌਰ ਦੇ ਅਧਿਐਨ ’ਚ ਇਸ ਗੱਲ ਦਾ ਪ੍ਰਗਟਾਵਾ ਹੋਇਆ ਹੈ।

ਅਧਿਐਨ ਅਨੁਸਾਰ ਐੱਨ. ਏ. ਐੱਸ. ਨੇ ਇਸ ਦੌਰ ’ਚ ਰਾਜ ਭਰ ’ਚ ਕੁਲ 5,455 ਵਿਅਕਤੀਆਂ ਨੂੰ ਸੰਭਾਲਿਆ ਜਿਸ ’ਚ 46 ਫੀਸਦੀ ਮਰਦ ਅਤੇ 54 ਫੀਸਦੀ ਇਸਤਰੀਆਂ ਸਨ। ਸੱਪਾਂ ਨੇ ਘਰਾਂ ਜਾਂ ਖੇਤਾਂ ’ਚ ਕੰਮ ਕਰਦਿਆਂ ’ਤੇ ਅਜਿਹੇ ਡੰਗ ਮਾਰੇ। ਕਾਂਗੜਾ ਤੋਂ ਬਾਅਦ ਸੋਲਨ ਜ਼ਿਲੇ ’ਚ ਸੱਪ ਡੰਗਣ ਦੇ ਸਭ ਤੋਂ ਵੱਧ 672 ਮਾਮਲੇ ਹੋਏ। ਮੰਡੀ 618, ਹਮੀਰਪੁਰ 575, ਸ਼ਿਮਲਾ 525, ਚੰਬਾ 489, ਬਿਲਾਸਪੁਰ 407, ਸਿਰਮੌਰ 404, ਊਨਾ 307 ਅਤੇ ਕੁੱਲੂ 175 ਮਾਮਲੇ ਵਾਪਰੇ। ਕਬਾਇਲੀ ਇਲਾਕਿਆਂ ਕਿੰਨੌਰ 37 ਅਤੇ ਲਾਹੌਲ ਸਪਿਤੀ ’ਚ 2 ਮਾਮਲੇ ਸਾਹਮਣੇ ਆਏ। 2,249 ਦੀਆਂ ਜਾਨਾਂ ਨੂੰ ਬਚਾਇਆ ਗਿਆ। ਡਾਕਟਰੀ ਸਹਾਇਤਾ ਸਮੇਂ ਸਿਰ ਨਾ ਮੁਹੱਈਆ ਕਰਾਈ ਜਾਂਦੀ ਤਾਂ ਅਜਿਹਾ ਬਚਾਅ ਨਹੀਂ ਹੋ ਸਕਦਾ ਸੀ।

ਸੱਪਾਂ ਦੇ ਡੰਗਾਂ ਦੇ ਸ਼ਿਕਾਰ 36 ਫੀਸਦੀ ਵਿਅਕਤੀਆਂ ਦੀ ਉਮਰ 31 ਤੋਂ 50 ਸਾਲ ਦੇ ਵਿਚਕਾਰ ਸੀ, 27 ਫੀਸਦੀ 19 ਤੇ 30 ਸਾਲਾਂ ਦੀ ਉਮਰ ਦੇ ਵਿਚਕਾਰ ਸਨ, 20 ਫੀਸਦੀ 18 ਸਾਲਾਂ ਦੀ ਉਮਰ ਦੇ ਤੇ 17 ਫੀਸਦੀ 51 ਸਾਲਾਂ ਦੇ ਸਨ।

ਅਧਿਐਨ ’ਚ ਦੱਸਿਆ ਗਿਆ ਹੈ ਕਿ ਇਹ ਮਾਮਲੇ ਮੁੱਖ ਕਰ ਕੇ ਜੂਨ ਤੋਂ ਨਵੰਬਰ ’ਚ ਹੋਏ ਅਤੇ ਇਨ੍ਹਾਂ ’ਚ ਸਭ ਤੋਂ ਵੱਧ ਅਗਸਤ ਅਤੇ ਸਤੰਬਰ ਵਿਚਕਾਰ ਵਾਪਰੇ।ਇਸ ’ਚ ਇਹ ਇੰਕਸ਼ਾਫ ਵੀ ਹੋਇਆ ਕਿ ਜ਼ਿਆਦਾਤਰ ਡੰਗ ਮਾਰਨ ਦੀਆਂ ਘਟਨਾਵਾਂ ਸ਼ਾਮ 5 ਵਜੇ ਤੋਂ ਲੈ ਕੇ ਅੱਧੀ ਰਾਤ ਤਕ ਹੋਈਆਂ ਪਰ ਸਭ ਤੋਂ ਵੱਧ ਸ਼ਾਮ 7 ਵਜੇ ਤੋਂ 10 ਵਜੇ ਵਿਚਕਾਰ ਸਨ।

ਹਿਮਾਚਲ ਦੇ ਜੀ. ਵੀ. ਕੇ. ਈ. ਐੱਮ. ਆਰ. ਆਈ. ਦੇ ਮੁਖੀ ਮੇਹੁਲ ਸੁਕੁਮਾਰਨ ਨੇ ਦੱਸਿਆ ਡੰਗ ਮਾਰਨ ਵਾਲੇ 70 ਫੀਸਦੀ ਸੱਪ ਜ਼ਹਿਰੀਲੇ ਨਹੀਂ ਸਨ। ਸਿਰਫ 30 ਫੀਸਦੀ ਜ਼ਹਿਰੀ ਨਸਲ ਦੇ ਸਨ। ਉਨ੍ਹਾਂ ਕਿਹਾ ਕਿ ਰਵਾਇਤੀ ਇਲਾਜ ਬੇਅਸਰ ਹੈ ਸਿਰਫ ਸੱਪਾਂ ਦੇ ਜ਼ਹਿਰ ਮਾਰੂ ਟੀਕੇ ਹੀ ਲਾਭਕਾਰੀ ਹਨ।


Iqbalkaur

Content Editor

Related News