ਸਹਾਰਨਪੁਰ ਕੁਲੈਕਟਰੇਟ ਕੰਪਲੈਕਸ ’ਚ 115 ਸਾਲ ਪੁਰਾਣੀ ਮਸਜਿਦ ’ਤੇ ਚੱਲਿਆ ਬੁਲਡੋਜ਼ਰ

Sunday, Sep 06, 2026 - 05:03 PM (IST)

ਸਹਾਰਨਪੁਰ ਕੁਲੈਕਟਰੇਟ ਕੰਪਲੈਕਸ ’ਚ 115 ਸਾਲ ਪੁਰਾਣੀ ਮਸਜਿਦ ’ਤੇ ਚੱਲਿਆ ਬੁਲਡੋਜ਼ਰ

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਕੁਲੈਕਟਰੇਟ ਕੰਪਲੈਕਸ ’ਚ ਸਥਿਤ ਕਰੀਬ 115 ਸਾਲ ਪੁਰਾਣੀ ਮਸਜਿਦ ਨੂੰ ਸ਼ਨੀਵਾਰ ਤੜਕੇ ਪ੍ਰਸ਼ਾਸਨ ਨੇ ਬੁਲਡੋਜ਼ਰ ਚਲਾ ਕੇ ਹਟਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਸਵੇਰੇ ਕਰੀਬ 4 ਵਜੇ ਤੋਂ 6 ਬੁਲਡੋਜ਼ਰਾਂ ਦੀ ਮਦਦ ਨਾਲ ਭੰਨਤੋੜ ਸ਼ੁਰੂ ਕੀਤੀ ਗਈ। ਕਾਰਵਾਈ ਦੇ ਮੱਦੇਨਜ਼ਰ ਕੁਲੈਕਟਰੇਟ ਕੰਪਲੈਕਸ ਅਤੇ ਆਸਪਾਸ ਦੇ ਖੇਤਰ ’ਚ ਭਾਰੀ ਪੁਲਸ ਫੋਰਸ ਤਾਇਨਾਤ ਕੀਤੀ ਗਈ ਅਤੇ ਮਸਜਿਦ ਵੱਲ ਜਾਣ ਵਾਲੇ ਰਸਤਿਆਂ ’ਚ ਬੈਰੀਕੇਡਿੰਗ ਕਰ ਕੇ ਕਿਸੇ ਨੂੰ ਵੀ ਉੱਥੇ ਪਹੁੰਚਣ ਦੀ ਇਜਾਜ਼ਤ ਨਹੀਂ ਦਿੱਤੀ ਗਈ।

ਪੁਲਸ ਡਿਪਟੀ ਇੰਸਪੈਕਟਰ ਜਨਰਲ ਅਭਿਸ਼ੇਕ ਸਿੰਘ ਨੇ ਦੱਸਿਆ ਕਿ ਸਰਕਾਰੀ ਜ਼ਮੀਨ ’ਚ ਬਣੀ ਮਸਜਿਦ ਨੂੰ ਨਗਰ ਮੈਜਿਸਟ੍ਰੇਟ ਦੀ ਅਦਾਲਤ ਨੇ ਅਣਅਧਿਕਾਰਤ ਐਲਾਨ ਕੀਤਾ ਸੀ। ਇਸ ਦੇ ਖ਼ਿਲਾਫ ਮਸਜਿਦ ਦੀ ਇੰਤਜ਼ਾਮੀਆ ਕਮੇਟੀ ਨੇ ਜ਼ਿਲਾ ਅਦਾਲਤ ’ਚ ਅਪੀਲ ਕੀਤੀ ਸੀ। ਜ਼ਿਲਾ ਜੱਜ ਸਤਿੰਦਰ ਕੁਮਾਰ ਦੀ ਅਦਾਲਤ ਨੇ ਸ਼ੁੱਕਰਵਾਰ ਨੂੰ ਅਪੀਲ ਖਾਰਿਜ ਕਰਦੇ ਹੋਏ ਨਗਰ ਮੈਜਿਸਟ੍ਰੇਟ ਦੇ ਹੁਕਮ ਨੂੰ ਬਰਕਰਾਰ ਰੱਖਿਆ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਸਰਕਾਰੀ ਜ਼ਮੀਨ ਨੂੰ ਕਾਬਜ਼ ਮੁਕਤ ਕਰਵਾਉਣ ਦੀ ਕਾਰਵਾਈ ਸ਼ੁਰੂ ਕੀਤੀ। 

ਪ੍ਰਸ਼ਾਸਨ ਦੇ ਅਨੁਸਾਰ, 10 ਫਰਵਰੀ, 2025 ਨੂੰ ਬਜਰੰਗ ਦਲ ਦੇ ਤਤਕਾਲੀ ਸੂਬਾਈ ਕਨਵੀਨਰ ਵਿਕਾਸ ਤਿਆਗੀ ਨੇ ਮਸਜਿਦ ਨੂੰ ਅਣਅਧਿਕਾਰਤ ਦੱਸਦੇ ਹੋਏ ਜ਼ਿਲਾ ਅਧਿਕਾਰੀ ਨੂੰ ਸ਼ਿਕਾਇਤ ਕੀਤੀ ਸੀ। ਸ਼ਿਕਾਇਤ ’ਚ ਮਸਜਿਦ ਕੰਪਲੈਕਸ ਦੇ ਕਮਰਿਆਂ ਅਤੇ ਡਾਕਘਰ ਤੋਂ ਕਿਰਾਇਆ ਵਸੂਲੇ ਜਾਣ ਦਾ ਦੋਸ਼ ਵੀ ਲਾਇਆ ਗਿਆ ਸੀ। ਇਸ ਤੋਂ ਬਾਅਦ ਮੈਜਿਸਟ੍ਰੇਟ ਜਾਂਚ ਕਰਵਾਈ ਗਈ, ਜਿਸ ’ਚ ਮਸਜਿਦ ਨੂੰ ਅਣਅਧਿਕਾਰਤ ਦੱਸਿਆ ਗਿਆ। ਭੰਨਤੋੜ ਦੌਰਾਨ 5 ਕੰਪਨੀ ਪੀ. ਏ. ਸੀ., ਆਰ. ਏ. ਐੱਫ. ਅਤੇ ਕਰੀਬ 200 ਪੁਲਸ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ।
 


author

Harpreet SIngh

Content Editor

Related News