ਏਅਰਪੋਰਟ ਤੋਂ CISF ਦੀਆਂ 3 ਹਜ਼ਾਰ ਤੋਂ ਵੱਧ ਅਸਾਮੀਆਂ ਖ਼ਤਮ, ਹੁਣ ਸਕਿਓਰਿਟੀ ਗਾਰਡ ਨਾਲ ਚਲੇਗਾ ਕੰਮ

Tuesday, Sep 06, 2022 - 11:54 AM (IST)

ਨੈਸ਼ਨਲ ਡੈਸਕ- ਸਰਕਾਰ ਨੇ ਭਾਰਤੀ ਹਵਾਈ ਅੱਡਿਆਂ 'ਤੇ ਸੁਰੱਖਿਆ ਢਾਂਚੇ ਦੇ ਵੱਡੇ ਪੱਧਰ 'ਤੇ ਬਦਲਾਅ ਕਰਦੇ ਹੋਏ ਕੇਂਦਰੀ ਉਦਯੋਗਿਕ ਸੁਰੱਖਿਆ ਫ਼ੋਰਸ (ਸੀ.ਆਈ.ਐੱਸ.ਐੱਫ.) ਦੀਆਂ 3,000 ਤੋਂ ਵੱਧ ਅਸਾਮੀਆਂ ਨੂੰ ਖ਼ਤਮ ਕਰ ਦਿੱਤਾ ਹੈ। ਹੁਣ ਹਵਾਈ ਅੱਡਿਆਂ 'ਤੇ ਗੈਰ-ਸੰਵੇਦਨਸ਼ੀਲ ਡਿਊਟੀ ਨਿੱਜੀ ਸੁਰੱਖਿਆ ਗਾਰਡਾਂ ਕਰਨਗੇ। ਨਾਗਰਿਕ ਹਵਾਬਾਜ਼ੀ ਮੰਤਰਾਲੇ ਅਤੇ ਗ੍ਰਹਿ ਮੰਤਰਾਲੇ ਦੁਆਰਾ ਸਾਂਝੇ ਤੌਰ 'ਤੇ ਤਿਆਰ ਕੀਤੀ ਗਈ 2018-19 ਲਈ ਕਾਰਜ ਯੋਜਨਾ ਹੁਣ ਦੇਸ਼ ਭਰ ਦੇ 50 ਸਿਵਲ ਹਵਾਈ ਅੱਡਿਆਂ 'ਤੇ ਲਾਗੂ ਕੀਤੀ ਜਾ ਰਹੀ ਹੈ। ਇਸ ਨੂੰ ਬਿਊਰੋ ਆਫ਼ ਸਿਵਲ ਏਵੀਏਸ਼ਨ ਸਕਿਓਰਿਟੀ (BCAS) ਅਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਦੁਆਰਾ ਸਾਂਝੇ ਤੌਰ 'ਤੇ ਲਾਗੂ ਕਰਨਗੇ। ਹਵਾਬਾਜ਼ੀ ਸੁਰੱਖਿਆ ਲਈ ਰੈਗੂਲੇਟਰੀ ਸੰਸਥਾ ਬੀ.ਸੀ.ਏ.ਐੱਸ. ਦੀ ਯੋਜਨਾ ਦੇ ਅਨੁਸਾਰ, CISF ਦੀਆਂ ਕੁੱਲ 3,049 ਹਵਾਬਾਜ਼ੀ ਸੁਰੱਖਿਆ ਪੋਸਟਾਂ ਨੂੰ ਖ਼ਤਮ ਕਰ ਦਿੱਤਾ ਗਿਆ ਹੈ ਅਤੇ 1,924 ਨਿੱਜੀ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਜਾਣਗੇ। ਇਸ ਦੇ ਨਾਲ ਹੀ ਸੀ.ਸੀ.ਟੀ.ਵੀ. ਕੈਮਰੇ ਅਤੇ ਬੈਗੇਜ ਸਕੈਨਰ ਵਰਗੀਆਂ ਸਮਾਰਟ ਨਿਗਰਾਨੀ ਤਕਨੀਕਾਂ ਦੀ ਵੀ ਵਰਤੋਂ ਕੀਤੀ ਜਾਵੇਗੀ।

ਇਕ ਸੀਨੀਅਰ ਸੁਰੱਖਿਆ ਅਧਿਕਾਰੀ ਨੇ ਕਿਹਾ,“ਇਸ ਨਵੇਂ ਸੁਰੱਖਿਆ ਢਾਂਚੇ ਨਾਲ ਹਵਾਬਾਜ਼ੀ ਖੇਤਰ ਵਿਚ 1,900 ਤੋਂ ਵੱਧ ਨੌਕਰੀਆਂ ਪੈਦਾ ਹੋਣਗੀਆਂ। ਇਸ ਨਾਲ ਸੀ.ਆਈ.ਐੱਸ.ਐੱਫ. ਦੇ ਮਨੁੱਖੀ ਵਸੀਲੇ ਵੀ ਵਧਣਗੇ, ਜਿਸ ਨਾਲ ਇਹ ਫੋਰਸ ਸੁਰੱਖਿਆ ਦਾਇਰੇ 'ਚ ਆਉਣ ਵਾਲੇ ਨਵੇਂ ਹਵਾਈ ਅੱਡਿਆਂ ਅਤੇ ਮੌਜੂਦਾ ਹਵਾਈ ਅੱਡਿਆਂ 'ਤੇ ਸੁਰੱਖਿਆ ਡਿਊਟੀ ਦੀ ਵਧ ਰਹੀ ਲੋੜ ਨੂੰ ਪੂਰਾ ਕਰ ਸਕੇਗਾ।'' ਉਨ੍ਹਾਂ ਕਿਹਾ ਕਿ ਇਸ ਵਿਵਸਥਾ ਨਾਲ ਹਵਾਈ ਅੱਡਿਆਂ ਦੇ ਸੰਚਾਲਕਾਂ ਦਾ ਹਵਾਬਾਜ਼ੀ ਸੁਰੱਖਿਆ 'ਤੇ ਹੋਣ ਵਾਲਾ ਖਰਚ ਵੀ ਕੁਝ ਘੱਟ ਹੋਵੇਗਾ। ਇਕ ਵਿਸ਼ਲੇਸ਼ਣ ਵਿਚ ਪਾਇਆ ਗਿਆ ਹੈ ਕਿ ਬਹੁਤ ਸਾਰੇ ਗੈਰ-ਸੰਵੇਦਨਸ਼ੀਲ ਕੰਮਾਂ ਲਈ ਹਥਿਆਰਬੰਦ ਸੀ.ਆਈ.ਐੱਸ.ਐੱਫ. ਕਰਮਚਾਰੀਆਂ ਦੀ ਲੋੜ ਨਹੀਂ ਹੁੰਦੀ ਹੈ ਅਤੇ ਅਜਿਹੇ ਕੰਮ ਨਿੱਜੀ ਸੁਰੱਖਿਆ ਕਰਮਚਾਰੀ ਕਰ ਸਕਦੇ ਹਨ, ਜਦੋਂ ਕਿ ਕੁਝ ਖੇਤਰਾਂ ਦੀ ਸੀ.ਸੀ.ਟੀ.ਵੀ. ਕੈਮਰਿਆਂ ਨਾਲ ਨਿਗਰਾਨੀ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ, ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਹਵਾਈ ਅੱਡੇ 'ਤੇ ਦਾਖ਼ਲ ਹੋਣ 'ਤੇ ਯਾਤਰੀਆਂ ਦੇ ਵੇਰਵੇ, ਯਾਤਰੀਆਂ ਦੀ ਜਾਂਚ, ਭੰਨ-ਤੋੜ ਰੋਕੂ ਮੁਹਿੰਮ, ਅੱਗੇ ਦੀ ਜਾਂਚ ਅਤੇ ਅੱਤਵਾਦ ਵਿਰੋਧੀ ਸਾਰੀਆਂ ਸੇਵਾਵਾਂ ਸੀ.ਆਈ.ਐੱਸ.ਐੱਫ. ਪਹਿਲੇ ਦੀ ਹੀ ਤਰ੍ਹਾਂ ਦਿੰਦੀ ਰਹੇਗੀ।


DIsha

Content Editor

Related News