ਮਹਾਰਾਸ਼ਟਰ: ਸਾਲ ''ਚ ਪਹਿਲੀ ਵਾਰ ਇੱਕ ਦਿਨ ''ਚ 15 ਹਜ਼ਾਰ ਤੋਂ ਜ਼ਿਆਦਾ ਨਵੇਂ ਕੋਰੋਨਾ ਕੇਸ, 56 ਦੀ ਮੌਤ

Friday, Mar 12, 2021 - 09:14 PM (IST)

ਮਹਾਰਾਸ਼ਟਰ: ਸਾਲ ''ਚ ਪਹਿਲੀ ਵਾਰ ਇੱਕ ਦਿਨ ''ਚ 15 ਹਜ਼ਾਰ ਤੋਂ ਜ਼ਿਆਦਾ ਨਵੇਂ ਕੋਰੋਨਾ ਕੇਸ, 56 ਦੀ ਮੌਤ

ਮੁੰਬਈ - ਮਹਾਰਾਸ਼ਟਰ ਵਿੱਚ ਕੋਰੋਨਾ ਵਾਇਰਸ ਨੇ ਹੈਰਾਨੀਜਨਕ ਰਫ਼ਤਾਰ ਫੜ੍ਹ ਲਈ ਹੈ, ਸ਼ੁੱਕਰਵਾਰ ਨੂੰ ਸਾਲ 2021 ਵਿੱਚ ਇੱਕ ਦਿਨ ਵਿੱਚ ਸਭ ਤੋਂ ਜ਼ਿਆਦਾ 15 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਮਹਾਮਾਰੀ ਦੇ ਕਹਿਰ ਨੇ ਇੱਕ ਵਾਰ ਫਿਰ ਸੂਬੇ ਅਤੇ ਕੇਂਦਰ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਪ੍ਰਦੇਸ਼ ਦੀ ਉਧਵ ਠਾਕਰੇ ਸਰਕਾਰ ਨੇ ਇਨਫੈਕਸ਼ਨ ਦੇ ਨਵੇਂ ਮਾਮਲਿਆਂ ਨੂੰ ਵੇਖਦੇ ਹੋਏ ਕਈ ਸਖ਼ਤ ਫੈਸਲੇ ਲਏ ਹਨ। ਸੂਬਾ ਸਰਕਾਰ ਨੇ ਆਪਣੇ ਇੱਕ ਬਿਆਨ ਵਿੱਚ ਦੱਸਿਆ ਕਿ 12 ਮਾਰਚ ਨੂੰ ਕੋਰੋਨਾ ਵਾਇਰਸ ਦੇ ਕੁਲ 15,817 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਪਿਛਲੇ 24 ਘੰਟੇ ਵਿੱਚ ਮਹਾਮਾਰੀ ਦੀ ਵਜ੍ਹਾ ਨਾਲ 56 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ।

ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਸਭ ਤੋਂ ਜ਼ਿਆਦਾ ਕਹਿਰ ਮਹਾਰਾਸ਼ਟਰ ਵਿੱਚ ਹੀ ਦੇਖਣ ਨੂੰ ਮਿਲਿਆ ਹੈ, ਸੂਬੇ ਵਿੱਚ ਪਿਛਲੇ ਤਿੰਨ ਮਹੀਨੇ ਦੇ ਅੰਤਰਾਲ ਤੋਂ ਬਾਅਦ 6 ਹਜ਼ਾਰ ਤੋਂ ਜ਼ਿਆਦਾ ਰੋਜ਼ਾਨਾ ਮਾਮਲੇ ਦਰਜ ਕੀਤੇ ਗਏ ਹਨ। ਸ਼ੁੱਕਰਵਾਰ ਨੂੰ ਸਾਹਮਣੇ ਆਏ ਨਵੇਂ ਮਾਮਲਿਆਂ ਤੋਂ ਬਾਅਦ ਇੱਕ ਦਿਨ ਵਿੱਚ ਇਨਫੈਕਸ਼ਨ ਦੀ ਗਿਣਤੀ 16 ਹਜ਼ਾਰ ਦੇ ਪਾਰ ਪੁੱਜਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਕੋਵਿਡ-19  ਦੇ ਸਰਗਰਮ ਮਾਮਲਿਆਂ ਵਿੱਚ ਵੀ ਮਹਾਰਾਸ਼ਟਰ ਦੇਸ਼ ਵਿੱਚ ਪਹਿਲੇ ਸਥਾਨ 'ਤੇ ਹੈ। ਸਿਹਤ ਮੰਤਰਾਲਾ  ਦੀ ਰਿਪੋਰਟ ਮੁਤਾਬਕ ਸ਼ੁੱਕਰਵਾਰ ਨੂੰ ਸੂਬੇ ਵਿੱਚ 1,10,485 ਸਰਗਰਮ ਮਾਮਲੇ ਸਨ, ਇਸ ਦੌਰਾਨ 4,000 ਤੋਂ ਜ਼ਿਆਦਾ ਦਾ ਵਾਧਾ ਵੇਖਿਆ ਗਿਆ ਹੈ।

ਅੱਜ ਯਾਨੀ ਸ਼ੁੱਕਰਵਾਰ ਨੂੰ ਸੂਬੇ ਵਿੱਚ 11,344 ਮਰੀਜ਼ਾਂ ਨੂੰ ਡਿਸਚਾਰਜ ਕੀਤਾ ਗਿਆ, ਹੁਣ ਤੱਕ ਮਹਾਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਕੁਲ ਗਿਣਤੀ 21,17,744 ਹੋ ਗਈ ਹੈ, ਇਹ ਕੁਲ ਇਨਫੈਕਸ਼ਨ ਦਾ 92.79 ਫ਼ੀਸਦੀ ਰਿਕਵਰੀ ਦਰ ਹੈ। ਫਿਲਹਾਲ 5,42,693 ਲੋਕ ਘਰ ਵਿੱਚ ਇਕਾਂਤਵਾਸ ਵਿੱਚ ਹਨ ਅਤੇ 4,884 ਲੋਕ ਸੰਸਥਾਗਤ ਕੁਆਰੰਟੀਨ ਵਿੱਚ ਹਨ। ਮੀਡੀਆ ਰਿਪੋਰਟ ਮੁਤਾਬਕ ਮਹਾਰਾਸ਼ਟਰ ਤੋਂ ਬਾਅਦ ਹੁਣ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਵੀ ਕੋਰੋਨਾ ਵਾਇਰਸ ਦਾ ਕਹਿਰ ਫੈਲ ਰਿਹਾ ਹੈ। ਸ਼ੁੱਕਰਵਾਰ ਨੂੰ ਦਿੱਲੀ ਦੇ ਸਿਹਤ ਵਿਭਾਗ ਨੇ ਦੱਸਿਆ ਕਿ ਪਿਛਲੇ 24 ਘੰਟਿਆਂ  ਦੌਰਾਨ ਹੀ ਰਾਜਧਾਨੀ ਵਿੱਚ ਕੋਰੋਨਾ ਵਾਇਰਸ ਦੇ 431 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਸ ਦੌਰਾਨ ਕੋਰੋਨਾ ਵਾਇਰਸ ਕਾਰਨ 2 ਲੋਕਾਂ ਦੀ ਮੌਤ ਹੋਈ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News