ਯੂ. ਪੀ., ਹਿਮਾਚਲ ਤੇ ਝਾਰਖੰਡ ’ਚ ਮਾਨਸੂਨ ਦੀ ਦਸਤਕ
Sunday, Jun 25, 2023 - 11:48 AM (IST)
ਨਵੀਂ ਦਿੱਲੀ/ਸ਼ਿਮਲਾ, (ਯੂ. ਐੱਨ. ਆਈ.)– ਹਿਮਾਚਲ, ਝਾਰਖੰਡ ਤੇ ਯੂ. ਪੀ. ’ਚ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ। ਹਿਮਾਚਲ ’ਚ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਮਾਨਸੂਨ ਨੇ 4 ਦਿਨ ਪਹਿਲਾਂ ਸੂਬੇ ’ਚ ਦਾਖਲਾ ਲਿਆ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਕੇਂਦਰ ਦੇ ਡਾਇਰੈਕਟਰ ਸੁਰੇਂਦਰ ਪਾਲ ਨੇ ਦੱਸਿਆ ਕਿ ਦੱਖਣ-ਪੱਛਮੀ ਮਾਨਸੂਨ ਸ਼ਨੀਵਾਰ ਨੂੰ ਹਿਮਾਚਲ ’ਚ ਦਾਖਲ ਹੋ ਗਿਆ ਹੈ।
ਅਗਲੇ 2 ਦਿਨ ਸੂਬੇ ਦੇ ਜ਼ਿਆਦਾਤਰ ਹਿੱਸਿਆਂ ’ਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦਾ ਖਦਸ਼ਾ ਹੈ। ਮਾਨਸੂਨ ਦੇ ਆਉਣ ’ਤੇ ਸੂਬੇ ’ਚ ਖੂਬ ਮੀਂਹ ਪਿਆ ਹੈ। ਸੂਬੇ ਦੇ ਵੱਖ-ਵੱਖ ਹਿੱਸਿਆਂ ’ਚ ਮੋਹਲੇਧਾਰ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ। ਰਾਜਧਾਨੀ ਸ਼ਿਮਲਾ ’ਚ ਕਈ ਜਗ੍ਹਾ ਜ਼ਮੀਨ ਧਸਨ ਦੀਆਂ ਘਟਨਾਵਾਂ ਹੋਈਆਂ। ਦਰੱਖਤ ਡਿੱਗ ਪਏ ਅਤੇ ਕ ਈ ਜਗ੍ਹਾ ਗੱਡੀਆਂ ਮਲਬੇ ਦੀ ਚਪੇਟ ’ਚ ਆ ਗਈਆਂ। ਸੋਲਨ ਦੇ ਚਾਇਲ ਕੋਟੀ ’ਚ ਜ਼ਮੀਨ ਧਸਨ ਨਾਲ ਕਾਲਕਾ-ਸ਼ਿਮਲਾ ਰੇਲ ਮਾਰਗ ਬੰਦ ਹੋਣ ਨਾਲ ਰੇਲਾਂ ਦੀ ਰਫਤਾਰ ਰੁਕ ਗਈ ਹੈ। ਚੰਬਾ ਜ਼ਿਲੇ ਦੇ ਭਰਮੌਰ ’ਚ ਕੁੰਗਲੀ ਜੋਤ ਦੇ ਨੇੜੇ ਬਰਫ ਦੇ ਤੋਦੇ ਡਿੱਗਣ ਕਾਰਨ 290 ਭੇਡਾਂ-ਬੱਕਰੀਆਂ ਦੀ ਮੌਤ ਹੋ ਗਈ।
ਉੱਧਰ ਯੂ. ਪੀ. ਅਤੇ ਝਾਰਖੰਡ ’ਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਸ ਦੌਰਾਨ ਭਾਰਤ ਮੌਸਮ ਵਿਗਿਆਨ ਵਿਭਾਗ ਨੇ ਕਿਹਾ ਕਿ ਦੱਖਣ-ਪੱਛਮੀ ਮਾਨਸੂਨ ਮੱਧ ਅਰਬ ਸਾਗਰ ਦੇ ਕੁਝ ਹਿੱਸਿਆਂ, ਮਹਾਰਾਸ਼ਟਰ ਦੇ ਕੁਝ ਹਿੱਸਿਆਂ, ਕਰਨਾਟਕ, ਤੇਲੰਗਾਨਾ ਅਤੇ ਛੱਤੀਸਗੜ੍ਹ ਦੇ ਬਾਕੀ ਹਿੱਸਿਆਂ, ਪੂਰਬੀ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ, ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਜ਼ਿਆਦਾਤਰ ਹਿੱਸਿਆਂ, ਹਰਿਆਣਾ, ਜੰਮੂ ਕਸ਼ਮੀਰ ਅਤੇ ਲੱਦਾਖ ਦੇ ਕੁਝ ਹਿੱਸਿਆਂ ’ਚ ਹੋਰ ਅੱਗੇ ਵਧ ਗਿਆ ਹੈ।