ਅਜੀਬ ਮਾਮਲਾ: ਦੇਸ਼ ਦਾ ਇਕ ਅਜਿਹਾ ਪਿੰਡ, ਜਿੱਥੇ ਬਾਂਦਰਾਂ ਦੇ ਨਾਂ ਹੈ ‘32 ਏਕੜ ਜ਼ਮੀਨ’
Sunday, Oct 16, 2022 - 03:03 PM (IST)
ਔਰੰਗਾਬਾਦ- ਅੱਜ ਦੇ ਦੌਰ ’ਚ ਜ਼ਮੀਨ ਨੂੰ ਲੈ ਕੇ ਝਗੜੇ ਹੋਣਾ ਆਮ ਗੱਲ ਹੋ ਗਈ ਹੈ। ਅਜਿਹੇ ’ਚ ਮਹਾਰਾਸ਼ਟਰ ਦੇ ਉਸਮਾਨਾਬਾਦ ਜ਼ਿਲ੍ਹੇ ਦੇ ਇਕ ਪਿੰਡ ’ਚ 32 ਏਕੜ ਜ਼ਮੀਨ ਬਾਂਦਰਾਂ ਦੇ ਨਾਂ ਰਜਿਸਟਰਡ ਹੋਣ ਦਾ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਉਸਮਾਨਾਬਾਦ ਦੇ ਉਪਲਾ ਪਿੰਡ ’ਚ ਲੋਕ ਬਾਂਦਰਾਂ ਦਾ ਖ਼ਾਸ ਸਨਮਾਨ ਕਰਦੇ ਹਨ। ਉਹ ਉਨ੍ਹਾਂ ਨੂੰ ਬੂਹੇ ’ਤੇ ਆਉਣ ’ਤੇ ਖਾਣਾ ਦਿੰਦੇ ਹਨ ਅਤੇ ਕਈ ਵਾਰ ਵਿਆਹ ਸਮਾਰੋਹ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਦਾ ਸਨਮਾਨ ਕੀਤਾ ਜਾਂਦਾ ਹੈ। ਉਪਲਾ ਗ੍ਰਾਮ ਪੰਚਾਇਤ ਦੇ ਜ਼ਮੀਨੀ ਰਿਕਾਰਡ ਮੁਤਾਬਕ 32 ਏਕੜ ਜ਼ਮੀਨ ਪਿੰਡ ’ਚ ਰਹਿਣ ਵਾਲੇ ਸਾਰੇ ਬਾਂਦਰਾਂ ਦੇ ਨਾਂ ਹੈ।
ਪਿੰਡ ਦੇ ਸਰਪੰਚ ਬੱਪਾ ਪਡਵਾਲ ਨੇ ਦੱਸਿਆ ਕਿ ਦਸਤਾਵੇਜ਼ ਵਿਚ ਸਪੱਸ਼ਟ ਰੂਪ ਨਾਲ ਜ਼ਿਕਰ ਹੈ ਕਿ ਜ਼ਮੀਨ ਬਾਂਦਰਾਂ ਦੀ ਹੈ, ਹਾਲਾਂਕਿ ਜਾਨਵਰਾਂ ਲਈ ਇਹ ਵਿਵਸਥਾ ਕਿਸ ਨੇ ਅਤੇ ਕਦੋ ਕੀਤੀ ਸੀ, ਇਸ ਦਾ ਕੁਝ ਪਤਾ ਨਹੀਂ ਹੈ। ਸਰਪੰਚ ਮੁਤਾਬਕ ਪਹਿਲੇ ਬਾਂਦਰ ਪਿੰਡ ’ਚ ਕੀਤੀਆਂ ਜਾਣ ਵਾਲੀਆਂ ਸਾਰੀਆਂ ਰਸਮਾਂ ਦਾ ਹਿੱਸਾ ਹੁੰਦੇ ਸਨ। ਪਿੰਡ ’ਚ ਹੁਣ ਤੱਕ ਕਰੀਬ 100 ਬਾਂਦਰ ਹਨ ਅਤੇ ਪਿਛਲੇ ਕੁਝ ਸਾਲਾਂ ਵਿਚ ਉਨ੍ਹਾਂ ਦੀ ਗਿਣਤੀ ਘੱਟ ਹੋ ਰਹੀ ਹੈ ਕਿਉਂਕਿ ਜਾਨਵਰ ਇਕ ਥਾਂ ’ਤੇ ਲੰਬੇ ਸਮੇਂ ਤੱਕ ਨਹੀਂ ਰਹਿੰਦੇ।
ਸਰਪੰਚ ਨੇ ਕਿਹਾ ਕਿ ਪਹਿਲਾਂ ਜਦੋਂ ਵੀ ਪਿੰਡ ’ਚ ਵਿਆਹ ਹੁੰਦੇ ਸਨ ਤਾਂ ਬਾਂਦਰਾਂ ਨੂੰ ਪਹਿਲਾਂ ਭੇਟ ਦਿੱਤੀ ਜਾਂਦੀ ਸੀ ਅਤੇ ਉਸ ਤੋਂ ਬਾਅਦ ਹੀ ਸਮਾਰੋਹ ਸ਼ੁਰੂ ਹੁੰਦਾ ਸੀ। ਹਾਲਾਂਕਿ ਹੁਣ ਹਰ ਕੋਈ ਇਸ ਪ੍ਰਥਾ ਦਾ ਪਾਲਣ ਨਹੀਂ ਕਰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਵੀ ਬਾਂਦਰ ਬੂਹੇ ’ਤੇ ਆਉਂਦੇ ਹਨ ਤਾਂ ਪਿੰਡ ਵਾਸੀ ਉਨ੍ਹਾਂ ਨੂੰ ਖਾਣਾ ਖੁਆਉਂਦੇ ਹਨ। ਕੋਈ ਵੀ ਉਨ੍ਹਾਂ ਨੂੰ ਖਾਣ ਲਈ ਮਨ੍ਹਾ ਨਹੀਂ ਕਰਦਾ।