ਧਨ ਸੋਧ ਮਾਮਲਾ : ਦਾਊਦ ਦੇ ਭਰਾ ਕਾਸਕਰ ਨੂੰ ਨਿਆਇਕ ਹਿਰਾਸਤ ''ਚ ਭੇਜਿਆ ਗਿਆ
Thursday, Feb 24, 2022 - 06:42 PM (IST)
ਮੁੰਬਈ (ਭਾਸ਼ਾ)- ਮੁੰਬਈ ਦੀ ਇਕ ਵਿਸ਼ੇਸ਼ ਪੀ.ਐੱਮ.ਐੱਲ.ਏ. ਅਦਾਲਤ ਨੇ ਭਗੌੜੇ ਗੈਂਗਸਟਰ ਦਾਊਦ ਇਬਰਾਹਿਮ ਅਤੇ ਉਸ ਦੇ ਸਹਿਯੋਗੀਆਂ ਦੀਆਂ ਗਤੀਵਿਧੀਆਂ ਨਾਲ ਜੁੜੀ ਧਨ ਸੋਧ ਜਾਂਚ ਦੇ ਸਿਲਸਿਲੇ 'ਚ ਦਾਊਦ ਦੇ ਭਰਾ ਇਕਬਾਲ ਕਾਸਕਰ ਨੂੰ ਵੀਰਵਾਰ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ। ਅੰਡਰਵਰਲਡ ਨਾਲ ਜੁੜੀ ਜਾਇਦਾਦ ਅਤੇ ਹਵਾਲਾ ਸੌਦਿਆਂ 'ਚ ਧਨ ਸੋਧ ਦੀ ਜਾਂਚ ਰਹੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪਿਛਲੇ ਸ਼ੁੱਕਰਵਾਰ ਕਾਸਕਰ ਨੂੰ ਨਵੀਂ ਮੁੰਬਈ ਦੀ ਤਾਲੋਜਾ ਜੇਲ੍ਹ ਤੋਂ ਹਿਰਾਸਤ 'ਚ ਲੈਣ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਸੀ, ਜਿੱਥੇ ਉਹ ਜ਼ਬਰਨ ਵਸੂਲੀ ਦੇ ਕਈ ਮਾਮਲਿਆਂ ਦੇ ਸਿਲਸਿਲੇ 'ਚ ਬੰਦ ਸੀ। ਵੀਰਵਾਰ ਨੂੰ ਕਾਸਕਰ ਨੂੰ ਈ.ਡੀ. ਦੀ ਹਿਰਾਸਤ ਪੂਰੀ ਹੋਣ 'ਤੇ ਵਿਸ਼ੇਸ਼ ਜੱਜ ਐੱਮ.ਜੀ. ਦੇਸ਼ਪਾਂਡੇ ਦੇ ਸਾਹਮਣੇ ਪੇਸ਼ ਕੀਤਾ ਗਿਆ। ਕਿਉਂਕਿ ਕੇਂਦਰੀ ਜਾਂਚ ਏਜੰਸੀ ਨੇ ਹੋਰ ਹਿਰਾਸਤ ਨਹੀਂ ਮੰਗੀ, ਇਸ ਲਈ ਅਦਾਲਤ ਨੇ ਉਸ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ।
ਇਹ ਵੀ ਪੜ੍ਹੋ : ਵੱਡੀ ਅੱਤਵਾਦੀ ਘਟਨਾ ਟਲੀ, ਸਰਹੱਦ ਪਾਰ ਤੋਂ ਆਏ ਡਰੋਨ ਤੋਂ ਸੁੱਟੇ ਗਏ ਹਥਿਆਰ ਜ਼ਬਤ
ਈ.ਡੀ. ਨੇ ਬੁੱਧਵਾਰ ਨੂੰ ਮਹਾਰਾਸ਼ਟਰ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਅਤੇ ਰਾਕਾਂਪਾ ਨੇਤਾ ਨਵਾਬ ਮਲਿਕ ਨੂੰ ਦਾਊਦ ਇਬਰਾਹਿਮ, ਉਸ ਦੇ ਸਹਿਯੋਗੀਆਂ ਅਤੇ ਮੁੰਬਈ ਅੰਡਰਵਰਲਡ ਦੀਆਂ ਗਤੀਵਿਧੀਆਂ ਨਾਲ ਜੁੜੀ ਧਨ ਸੋਧ ਜਾਂਚ ਦੇ ਸਿਲਸਿਲੇ 'ਚ ਗ੍ਰਿਫ਼ਤਾਰ ਕੀਤਾ ਸੀ। ਇਕ ਵਿਸ਼ੇਸ਼ ਪੀ.ਐੱਮ.ਐੱਲ.ਏ. ਅਦਾਲਤ ਨੇ ਮਲਿਕ ਨੂੰ 3 ਮਾਰਚ ਤੱਕ ਏਜੰਸੀ ਦੀ ਹਿਰਾਸਤ 'ਚ ਭੇਜ ਦਿੱਤਾ ਸੀ। ਈ.ਡੀ. ਅੰਡਰਵਰਲਡ ਦੇ ਸੰਚਾਲਣ ਅਤੇ ਸੰਬੰਧਤ ਗੈਰ-ਕਾਨੂੰਨੀ ਜਾਇਦਾਦ ਸੌਦਿਆਂ ਅਤੇ ਹਵਾਲਾ ਲੈਣ-ਦੇਣ ਦੀ ਜਾਂਚ ਕਰ ਰਿਹਾ ਹੈ। ਪਿਛਲੇ ਹਫ਼ਤੇ ਈ.ਡੀ. ਨੇ ਮੁੰਬਈ 'ਚ ਕੁਝ ਸਥਾਨਾਂ 'ਤੇ ਛਾਪੇ ਮਾਰੇ ਸਨ, ਜਿਨ੍ਹਾਂ 'ਚ ਦਾਊਦ ਇਬਾਰਿਹਮ ਦੀ ਮਰਹੂਮ ਭੈਣ ਹਸੀਨਾ ਪਾਰਕਰ, ਕਾਸਕਰ ਅਤੇ ਗੈਂਗਸਟਰ ਛੋਟਾ ਸ਼ਕੀਲ ਦੇ ਇਕ ਰਿਸ਼ਤੇਦਾਰ ਨਾਲ ਜੁੜੇ ਸਥਾਨ ਸ਼ਾਮਲ ਸਨ। ਇਹ ਕਾਰਵਾਈ ਧਨ ਸੋਧ ਰੋਕਥਾਮ ਐਕਟ (ਪੀ.ਐੱਮ.ਐੱਲ.ਏ.) ਦੀਆਂ ਧਾਰਾਵਾਂ ਦੇ ਅਧੀਨ ਕੀਤੀ ਗਈ ਸੀ। ਈ.ਡੀ. ਦਾ ਮਾਮਲਾ 1993 ਦੇ ਮੁੰਬਈ ਲੜੀਵਾਰ ਵਿਸਫ਼ੋਟ ਦੇ ਮਾਸਟਰਮਾਈਂਡ ਦਾਊਦ ਇਬਰਾਹਿਮ ਅਤੇ ਹੋਰ ਵਿਰੁੱਧ ਹਾਲ ਹੀ 'ਚ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਵਲੋਂ ਦਰਜ ਸ਼ਿਕਾਇਤ 'ਤੇ ਆਧਾਰਤ ਹੈ। ਐੱਨ.ਆਈ.ਏ. ਨੇ ਗੈਰ-ਕਾਨੂੰਨੀ ਗਤੀਵਿਧੀ ਰੋਕਥਾਮ ਐਕਟ (ਯੂ.ਏ.ਪੀ.ਏ.) ਦੀਆਂ ਧਾਰਾਵਾਂ ਦੇ ਅਧੀਨ ਆਪਣੀ ਅਪਰਾਧਕ ਸ਼ਿਕਾਇਤ ਦਰਜ ਕੀਤੀ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ