ਡਾਕਘਰ ''ਚ 1500 ਲੋਕਾਂ ਦੇ ਖਾਤਿਆਂ ''ਚੋਂ ਗਾਇਬ ਹੋਇਆ ਪੈਸਾ, ਜਾਣੋ ਪੂਰਾ ਮਾਮਲਾ
Friday, Oct 18, 2024 - 05:39 PM (IST)
ਬਾਗੇਸ਼ਵਰ- ਡਾਕਘਰ 'ਚ ਕਰੋੜਾਂ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। 1500 ਤੋਂ ਵੱਧ ਖਾਤਾਧਾਰਕਾਂ ਦੀ ਜੀਵਨ ਭਰ ਦੀ ਜਮ੍ਹਾਂ ਪੂੰਜੀ ਗਾਇਬ ਹੋ ਗਈ ਹੈ। ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਖਾਤਾਧਾਰਕਾਂ ਨੇ ਆਪਣੀ ਪਾਸਬੁੱਕ ਆਨਲਾਈਨ ਚੈੱਕ ਕਰਵਾਈ। ਇਸ ਦੌਰਾਨ ਪਤਾ ਲੱਗਾ ਕਿ ਖਾਤਿਆਂ 'ਚ ਜਮ੍ਹਾਂ ਕੀਤੀ ਗਈ ਰਾਸ਼ੀ ਗਾਇਬ ਹੈ। ਇਹ ਪੂਰਾ ਮਾਮਲਾ ਉੱਤਰਾਖੰਡ ਦੇ ਬਾਗੇਸ਼ਵਰ ਜ਼ਿਲ੍ਹੇ ਦੇ ਸਿਮਗੜ੍ਹੀ ਉਪਡਾਕਘਰ ਦਾ ਹੈ। ਜਾਣਕਾਰੀ ਅਨੁਸਾਰ ਇਹ ਮਾਮਲਾ ਉਦੋਂ ਸਾਹਮਣੇ ਆਇਆ, ਜਦੋਂ ਪੋਸਟਮਾਸਟਰ ਫਰਾਰ ਹੋ ਗਿਆ। ਖਾਤਾਧਾਰਕਾਂ ਨੇ ਕਮੇੜੀਦੇਵੀ ਪੋਸਟ ਆਫ਼ਿਸ ਪਹੁੰਚ ਕੇ ਆਪਣੀ ਜਮ੍ਹਾਂ ਰਾਸ਼ੀ ਬਾਰੇ ਜਾਣਕਾਰੀ ਲਈ। ਬਾਗੇਸ਼ਵਰ ਦੇ ਸਿਮਗੜ੍ਹੀ, ਮਝੇੜਾ ਅਤੇ ਨੇੜੇ-ਤੇੜੇ ਦੇ ਪਿੰਡਾਂ ਦੇ ਸੈਂਕੜੇ ਦੀ ਗਿਣਤੀ 'ਚ ਲੋਕ ਆਪਣੀ ਪਾਸਬੁੱਕ ਲੈਕੇ ਪਹੁੰਚੇ ਸਨ। ਡਾਕਘਰ 'ਚ ਜਦੋਂ ਲੋਕਾਂ ਨੇ ਆਪਣੀ ਪਾਸਬੁੱਕ ਦੇਖੀ ਤਾਂ ਉਸ 'ਚ ਤਾਂ ਲੱਖਾਂ ਰੁਪਏ ਦੀ ਜਮ੍ਹਾਂ ਰਾਸ਼ੀ ਸੀ ਪਰ ਜਦੋਂ ਆਨਲਾਈਨ ਚੈੱਕ ਕੀਤਾ ਤਾਂ ਖ਼ਾਤਿਆਂ 'ਚ ਮਾਮੂਲੀ ਰਾਸ਼ੀ ਹੀ ਦਿਖਾਈ ਦਿੱਤੀ।
ਇਸ ਦੌਰਾਨ 70 ਸਾਲਾ ਸ਼ਾਰਦਾ ਦੇਵੀ ਵੀ ਪਾਸਬੁੱਕ ਲੈ ਕੇ ਪਹੁੰਚੀ ਸੀ। ਸ਼ਾਰਦਾ ਦੇਵੀ ਨੇ ਚਾਰ ਸਾਲ 'ਚ 2 ਲੱਖ ਰੁਪਏ ਜਮ੍ਹਾਂ ਕੀਤੇ ਸਨ ਪਰ ਹੁਣ ਉਨ੍ਹਾਂ ਦੇ ਖਾਤੇ 'ਚ ਸਿਰਫ਼ 2 ਹਜ਼ਾਰ ਰੁਪਏ ਹੀ ਬਚੇ ਹਨ। ਇਸੇ ਤਰ੍ਹਾਂ ਰਾਕੇਸ਼ ਰਾਠੌੜ ਨੇ 12 ਲੱਖ ਰੁਪਏ ਦੀ ਫਿਕਸਡ ਡਿਪਾਜਿਟ ਕੀਤੀ ਸੀ, ਉਨ੍ਹਾਂ ਦੇ ਖਾਤੇ 'ਚ ਜ਼ੀਰੋ ਰਾਸ਼ੀ ਦਿਖਾਈ ਦੇ ਰਹੀ ਹੈ। ਇਸ ਧੋਖਾਧੜੀ ਦੀ ਜਾਣਕਾਰੀ ਮਿਲਣ 'ਤੇ ਪਿੰਡ ਵਾਸੀ ਗੁੱਸੇ 'ਚ ਹਨ। ਲੋਕ ਮੌਕੇ 'ਤੇ ਇਕੱਠੇ ਹੋ ਗਏ। ਸੂਚਨਾ ਪੁਲਸ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਪੁਲਸ ਟੀਮ ਮੌਕੇ 'ਤੇ ਪਹੁੰਚੀ। ਸਥਾਨਕ ਲੋਕਾਂ ਨੇ ਇਸ ਮਾਮਲੇ ਨੂੰ ਲੈ ਕੇ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8