ਮਹਾਰਾਸ਼ਟਰ ’ਚ ਨਾਬਾਲਗ ਨਾਲ ਜਬਰ-ਜ਼ਨਾਹ, ਮੱਠ ਦੇ ਪੁਜਾਰੀ ਸਮੇਤ 2 ਗ੍ਰਿਫਤਾਰ
Thursday, Feb 20, 2025 - 08:05 PM (IST)

ਮੁੰਬਈ, (ਭਾਸ਼ਾ)- ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲੇ ਵਿਚ ਪੁਲਸ ਨੇ ਇਕ ਮੱਠ ਦੇ 75 ਸਾਲਾ ਪੁਜਾਰੀ ਅਤੇ ਉਸਦੇ ਸਹਾਇਕ ਨੂੰ ਇਕ ਨਾਬਾਲਗ ਲੜਕੀ ਨਾਲ ਵਾਰ-ਵਾਰ ਜਬਰ-ਜ਼ਨਾਹ ਕਰਨ ਅਤੇ ਉਸਨੂੰ ਗਰਭਵਤੀ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ 17 ਸਾਲਾ ਪੀੜਤਾ ਆਪਣੇ ਮਾਪਿਆਂ ਨਾਲ ਅਮਰਾਵਤੀ ਦੇ ਸ਼ਿਰਖੇਡ ਪੁਲਸ ਸਟੇਸ਼ਨ ਪਹੁੰਚੀ ਅਤੇ ਰਿੱਧਪੁਰ ਮੱਠ ਦੇ ਮੁੱਖ ਪੁਜਾਰੀ ਅਤੇ ਹੋਰਾਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ।
ਸ਼ਿਕਾਇਤਕਰਤਾ ਮੁਤਾਬਕ ਉਹ ਆਪਣੇ ਚਾਚਾ ਅਤੇ ਚਾਚੀ ਨਾਲ ਪਿਛਲੇ ਇਕ ਸਾਲ ਤੋਂ ਮੱਠ ਵਿਚ ਸੇਵਾ ਕਰ ਰਹੀ ਸੀ ਅਤੇ ਉਥੇ ਹੀ ਰਹਿੰਦੀ ਸੀ। ਅਧਿਕਾਰੀ ਨੇ ਦੱਸਿਆ ਕਿ ਫਿਰ ਲੜਕੀ ਨੂੰ ਪੁਜਾਰੀ ਸੁਰੇਂਦਰਮੁਨੀ ਤਾਲੇਗਾਂਵਕਰ ਦੇ ਕਮਰੇ ਵਿਚ ਭੇਜ ਦਿੱਤਾ ਗਿਆ, ਜਿੱਥੇ ਉਸਨੇ ਕਥਿਤ ਤੌਰ ’ਤੇ ਉਸ ਨਾਲ ਜਬਰ-ਜ਼ਨਾਹ ਕੀਤਾ। ਪੀੜਤਾ ਨੇ ਦੱਸਿਆ ਕਿ ਮੱਠ ਵਿਚ ਰਹਿਣ ਵਾਲੇ ਬਾਲਾ ਸਾਹਿਬ ਦੇਸਾਈ (40) ਨੇ ਵੀ ਜਬਰ-ਜ਼ਨਾਹ ਕੀਤਾ। ਉਸਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੇ ਕਈ ਮਹੀਨਿਆਂ ਤੱਕ ਇਹ ਅਪਰਾਧ ਕੀਤਾ।