ਬਿਹਾਰ: ਸ਼ਰੇਆਮ ਛੇੜਛਾੜ ਦਾ ਇਕ ਹੋਰ ਵੀਡੀਓ ਵਾਇਰਲ, ਬਲੈਕਮੇਲਿੰਗ ਦੀ ਵੀ ਕੋਸ਼ਿਸ਼
Friday, Jun 29, 2018 - 05:05 PM (IST)
ਬਿਹਾਰ— ਬਿਹਾਰ 'ਚ ਲੜਕੀ ਨਾਲ ਸ਼ਰੇਆਮ ਛੇੜਛਾੜ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਤੇ ਉਸ ਦਾ ਵੀਡੀਓ ਵੀ ਬਣਾਇਆ ਗਿਆ। ਪੁਲਸ ਮੁਤਾਬਕ ਤਾਜ਼ਾ ਘਟਨਾ ਚੰਪਾਰਨ ਜ਼ਿਲੇ ਦੀ ਹੈ। ਹੁਣ ਤੱਕ ਕਿਸੇ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ ਹੈ।
ਇਸ ਵਾਰ ਇਹ ਵੀਡੀਓ ਵਾਇਰਲ ਨਹੀਂ ਹੋਇਆ ਸਗੋਂ ਛੇੜਛਾੜ ਕਰਨ ਵਾਲੇ ਦੋਸ਼ੀ ਨੇ ਵੀਡੀਓ ਦੇ ਜ਼ਰੀਏ ਪੀੜਤਾ ਦੇ ਪਿਤਾ ਨੂੰ ਬਲੈਕਮੇਲ ਕਰਨ ਦੀ ਵੀ ਕੋਸ਼ਿਸ਼ ਕੀਤੀ। ਬੀਤੇ ਕੁਝ ਹੀ ਮਹੀਨੇ 'ਚ ਬਿਹਾਰ ਦੇ ਵੱਖ-ਵੱਖ ਹਿੱਸਿਆਂ ਤੋਂ ਸ਼ਰੇਆਮ ਛੇੜਛਾੜ ਦੀਆਂ ਕਰੀਬ ਅੱਧਾ ਦਰਜਨ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ ਅਤੇ ਉਨ੍ਹਾਂ ਦੇ ਵੀਡੀਓ ਵੀ ਵਾਇਰਲ ਹੋ ਚੁੱਕੇ ਹਨ। ਜਹਾਨਾਬਾਦ ਤੋਂ ਸ਼ੁਰੂ ਹੋਇਆ ਸ਼ਰਮਨਾਕ ਸਿਲਸਿਲਾ ਗਯਾ, ਨਾਲੰਦਾ, ਕੈਮੂਰ ਹੁੰਦੇ ਹੋਏ ਹੁਣ ਚੰਪਾਰਨ ਪੁੱਜ ਗਿਆ। ਤਾਜ਼ਾ ਘਟਨਾ ਪੂਰਵੀ ਚੰਪਾਰਨ ਦੇ ਦਫਤਰ ਮੋਤੀਹਾਰੀ ਦੀ ਹੈ। ਘਟਨਾ ਦੇ ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕੁਝ ਲੜਕਿਆਂ ਨੇ ਇਕ ਪ੍ਰੇਮੀ ਜੋੜੇ ਨੂੰ ਘੇਰ ਰੱਖਿਆ ਹੈ। ਵੀਡੀਓ 'ਚ ਆ ਰਹੀਆਂ ਆਵਾਜਾਂ ਤੋਂ ਪਤਾ ਚੱਲਿਆ ਹੈ ਕਿ ਛੇੜਛਾੜ ਕਰਨ ਵਾਲੇ ਬਦਮਾਸ਼ ਖੁਦ ਨੂੰ ਸਮਾਜ ਸੁਧਾਰਕ ਦੱਸ ਰਹੇ ਹਨ। ਬਦਮਾਸ਼ ਪ੍ਰੇਮੀ ਜੋੜੇ ਨੂੰ ਗੰਦੀਆਂ-ਗੰਦੀਆਂ ਗਾਲਾਂ ਕੱਢ ਰਹੇ ਹਨ ਅਤੇ ਕੁੱਟਮਾਰ ਕਰ ਰਹੇ ਹਨ। ਕੁਝ ਲੜਕੇ ਪੀੜਤਾ ਨੂੰ ਖਿੱਚ ਰਹੇ ਹਨ। ਇਕ ਲੜਕਾ ਪੂਰੀ ਘਟਨਾ ਦੀ ਵੀਡੀਓ ਬਣਾ ਰਿਹਾ ਹੈ। ਇਸ ਦੇ ਬਾਅਦ ਬਦਮਾਸ਼ਾਂ ਨੇ ਇਹ ਵੀਡੀਓ ਲੜਕੀ ਦੇ ਪਿਤਾ ਨੂੰ ਭੇਜ ਦਿੱਤਾ ਅਤੇ ਫੋਨ ਕਰਕੇ 50 ਹਜ਼ਾਰ ਰੁਪਇਆਂ ਦੀ ਮੰਗ ਕੀਤੀ। ਪੈਸਾ ਨਾ ਦੇਣ ਦੀ ਸਥਿਤੀ 'ਚ ਉਨ੍ਹਾਂ ਦੀ ਬੇਟੀ ਨਾਲ ਛੇੜਛਾੜ ਦਾ ਇਹ ਵੀਡੀਓ ਇੰਟਰਨੈਟ 'ਤੇ ਪਾਉਣ ਦੀ ਧਮਕੀ ਦੇਣ ਲੱਗੇ।
