ਮੋਹਨ ਸਿੰਘ ਬਿਸ਼ਟ ਹੋਣਗੇ ਵਿਧਾਨ ਸਭਾ ਦੇ ਡਿਪਟੀ ਸਪੀਕਰ
Wednesday, Feb 26, 2025 - 04:14 PM (IST)

ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਮੁਸਤਫਾਬਾਦ ਤੋਂ ਵਿਧਾਇਕ ਮੋਹਨ ਸਿੰਘ ਬਿਸ਼ਟ ਦਿੱਲੀ ਵਿਧਾਨ ਸਭਾ ਦੇ ਡਿਪਟੀ ਸਪੀਕਰ ਹੋਣਗੇ। ਵਿਧਾਨ ਸਭਾ ਵਲੋਂ 27 ਫਰਵਰੀ ਲਈ ਅੱਜ ਜਾਰੀ ਕਾਰਜਸੂਚੀ 'ਚ ਡਿਪਟੀ ਸਪੀਕਰ ਦੀ ਚੋਣ ਬਾਰੇ ਜਾਣਕਾਰੀ ਦਿੱਤੀ ਗਈ। ਇਸ 'ਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਰੇਖਾ ਗੁਪਤਾ ਪ੍ਰਸਤਾਵ ਰੱਖੇਗੀ ਕਿ ਸ਼੍ਰੀ ਬਿਸ਼ਟ ਨੂੰ ਡਿਪਟੀ ਸਪੀਕਰ ਚੁਣਿਆ ਜਾਵੇ। ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਮੁੱਖ ਮੰਤਰੀ ਦੇ ਪ੍ਰਸਤਾਵ ਦਾ ਸਮਰਥਨ ਕਰਨਗੇ। ਵਿਧਾਇਕ ਅਨਿਲ ਕੁਮਾਰ ਸ਼ਰਮਾ ਸ਼੍ਰੀ ਬਿਸ਼ਟ ਨੂੰ ਡਿਪਟੀ ਸਪੀਕਰ ਚੁਣਨ ਵਾਲੇ ਦੂਜੇ ਪ੍ਰਸਤਾਵਕ ਹੋਣਗੇ ਅਤੇ ਗਜੇਂਦਰ ਸਿੰਘ ਯਾਦਵ ਉਨ੍ਹਾਂ ਦਾ ਸਮਰਥਨ ਕਰਨਗੇ। ਡਿਪਟੀ ਸਪੀਕਰ ਦੀ ਚੋਣ ਤੋਂ ਬਾਅਦ ਸਦਨ 'ਚ ਪੇਸ਼ ਕੀਤੀ ਗਈ ਕੰਟਰੋਲਰ ਅਤੇ ਆਡੀਟਰ ਜਨਰਲ (CAG) ਦੀ ਰਿਪੋਰਟ 'ਤੇ ਚਰਚਾ ਕੀਤੀ ਜਾਵੇਗੀ।
ਕੈਗ ਦੀ ਰਿਪੋਰਟ 'ਚ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਕਾਰਜਕਾਲ ਦੀ ਵਿਵਾਦਿਤ ਆਬਕਾਰੀ ਨੀਤੀ ਬਾਰੇ ਵੱਖ-ਵੱਖ ਬੇਨਿਯਮੀਆਂ ਨੂੰ ਰੇਖਾਂਕਿਤ ਕਰਦੇ ਹੋਏ ਕਠੋਰ ਟਿੱਪਣੀਆਂ ਕੀਤੀਆਂ ਗਈਆਂ ਹਨ। ਦੱਸਣਯੋਗ ਹੈ ਕਿ ਸ਼੍ਰੀ ਬਿਸ਼ਟ 6ਵੀਂ ਵਾਰ ਵਿਧਾਇਕ ਚੁਣੇ ਗਏ ਹਨ। ਉਨ੍ਹਾਂ ਨੇ ਇਸ ਵਾਰ ਮੁਸਤਫਾਬਾਦ ਤੋਂ ਆਮ ਆਦਮੀ ਪਾਰਟੀ ਦੇ ਅਦੀਲ ਅਹਿਮਦ ਖਾਨ ਨੂੰ 17578 ਵੋਟਾਂ ਨਾਲ ਹਰਾਇਆ। ਸ਼੍ਰੀ ਬਿਸ਼ਟ ਨੂੰ 85218 ਵੋਟ ਮਿਲੇ। ਤੀਜੇ ਨੰਬਰ ਆਲ ਇੰਡੀਆ ਮਜਲਿਸ ਏ ਇਤੇਹਾਦੁਲ ਮੁਸਲੇਮਿਨ (ਏਆਈਐੱਮਆਈਐੱਮ) ਦੇ ਮੁਹੰਮਦ ਤਾਹਿਰ ਹੁਸੈਨ 33474 ਵੋਟ ਮਿਲੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8