ਬਿਹਾਰ ’ਚ ਫਿਰ ਮੋਦੀ ਬਨਾਮ ਰਾਹੁਲ

Sunday, Oct 19, 2025 - 10:24 PM (IST)

ਬਿਹਾਰ ’ਚ ਫਿਰ ਮੋਦੀ ਬਨਾਮ ਰਾਹੁਲ

ਨੈਸ਼ਨਲ ਡੈਸਕ- ਬਿਹਾਰ ਨਾ ਸਿਰਫ਼ ਇਕ ਹੋਰ ਵਿਧਾਨ ਸਭਾ ਚੋਣਾਂ ਵੇਖਣ ਲਈ ਤਿਆਰ ਹੈ, ਸਗੋਂ 2024 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਦਰਮਿਆਨ ਪਹਿਲੀ ਵੱਡੀ ਟੱਕਰ ਵੀ ਵੇਖੇਗਾ। ਇਕ ਹਾਈ-ਵੋਲਟੇਜ ਮੁਕਾਬਲਾ ਜੋ ਰਾਸ਼ਟਰੀ ਮਾਹੌਲ ਨੂੰ ਨਵਾਂ ਰੂਪ ਦੇ ਸਕਦਾ ਹੈ।

ਮਹਾਰਾਸ਼ਟਰ, ਹਰਿਆਣਾ ਤੇ ਇੱਥੋਂ ਤੱਕ ਕਿ ਦਿੱਲੀ ਦੇ ਉਲਟ ਬਿਹਾਰ ਇਸ ਸਮੇ ਜੰਗ ਦਾ ਮੈਦਾਨ ਬਣ ਗਿਆ ਹੈ ਜਿੱਥੇ ਮੋਦੀ ਤੇ ਰਾਹੁਲ ਦੋਵਾਂ ਨੇ ਆਪਣੀ ਨਿੱਜੀ ਸਾਖ ਇਹ ਜਾਣਦੇ ਹੋਏ ਦਾਅ ’ਤੇ ਲਾਈ ਹੋਈ ਹੈ ਕਿ ਇੱਥੇ ਜੋ ਕੁਝ ਵੀ ਵਾਪਰੇਗਾ, ਉਹ ਭਾਰਤ ਦੇ ਦ੍ਰਿਸ਼ ਨੂੰ ਪ੍ਰਭਾਵਤ ਕਰੇਗਾ।

ਮੋਦੀ ਨੇ ਇਸ ਸਾਲ ਜਨਵਰੀ ਤੋਂ ਬਿਹਾਰ ਦੇ 9 ਵਾਰ ਦੌਰੇ ਕੀਤੇ ਹਨ। ਇਸ ਦੌਰਾਨ ਉਨ੍ਹਾਂ ਰੈਲੀਆਂ ਨੂੰ ਸੰਬੋਧਨ ਕੀਤਾ, ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਤੇ ਸਥਾਨਕ ਗਰੁੱਪਾਂ ਨਾਲ ਵਰਚੁਅਲੀ ਗੱਲਬਾਤ ਕੀਤੀ। ਉਨ੍ਹਾਂ ਲਈ ਬਿਹਾਰ ਸਿਰਫ਼ ਵੋਟਾਂ ਦਾ ਸਵਾਲ ਨਹੀਂ ਸਗੋਂ ਹਿੰਦੀ ਭਾਸ਼ਾਈ ਪੱਟੀ ਨਾਲ ਆਪਣੇ ਸਬੰਧ ਨੂੰ ਮਜ਼ਬੂਤ ​​ਕਰਨਾ ਵੀ ਹੈ। ਉਹ ਚੋਣਾਂ ਦੌਰਾਨ 12 ਰੈਲੀਆਂ ਨੂੰ ਸੰਬੋਧਨ ਕਰਨਗੇ।

ਦੂਜੇ ਪਾਸੇ ਰਾਹੁਲ ਗਾਂਧੀ ਹੈਰਾਨੀਜਨਕ ਢੰਗ ਨਾਲ ਉਤਸ਼ਾਹਿਤ ਵਿਖਾਈ ਦੇ ਰਹੇ ਹਨ। ਉਹ ਆਪਣੀ ਨਵੀਂ ਸਰਗਰਮੀ ਦੀ ਪਰਖ ਕਰਨ ਲਈ ਬਿਹਾਰ ਨੂੰ ਇਕ ਸਿਆਸੀ ਲੈਬਾਰਟਰੀ ਵਜੋਂ ਵਰਤ ਰਹੇ ਹਨ। ਉਹ 7 ਵਾਰ ਸੂਬੇ ਦਾ ਦੌਰਾ ਕਰ ਚੁੱਕੇ ਹਨ, ਸੂਬੇ ਦੇ ਨੇਤਾਵਾਂ ਨਾਲ ਲੰਬੀਆਂ ਰਣਨੀਤਕ ਮੀਟਿੰਗਾਂ ਕਰ ਚੁੱਕੇ ਹਨ ਤੇ ਵੋਟਰ ਸੂਚੀ ਦੀ ਵਿਸ਼ੇਸ਼ ਤੀਬਰ ਸੋਧ ਵਿਰੁੱਧ 2 ਹਫ਼ਤਿਆਂ ਦੇ ਆਪਣੇ ਦੌਰੇ ਦੌਰਾਨ ਸੜਕਾਂ ’ਤੇ ਵੀ ਉਤਰ ਚੁਕੇ ਹਨ।

ਉਨ੍ਹਾਂ ਦੇ ਦਬਾਅ ਹੇਠ ਕਾਂਗਰਸ ਨੇ ਇਕ ਦਲਿਤ ਨੂੰ ਸੂਬਾ ਪ੍ਰਧਾਨ ਨਿਯੁਕਤ ਕੀਤਾ ਹੈ । ਨਾਲ ਹੀ ਓ. ਬੀ. ਸੀ. ਭਾਈਚਾਰੇ ਲਈ ਇਕ ਵੱਖਰਾ ਮੈਨੀਫੈਸਟੋ ਜਾਰੀ ਕੀਤਾ ਹੈ ਜੋ ਜਾਤੀ ਰੇਖਾਵਾਂ ਤੋਂ ਪਾਰ ਡੂੰਘੀ ਪਹੁੰਚ ਦਾ ਸੰਕੇਤ ਦਿੰਦਾ ਹੈ।

ਉਨ੍ਹਾਂ ਆਪਣੀ ਚੋਣ ਮੁਹਿੰਮ ਨੂੰ ਵੀ ਤੇਜ਼ ਕਰ ਦਿੱਤਾ ਹੈ। ਟਿਕਟ ਵੰਡ ਦੀ ਨਿਗਰਾਨੀ ਲਈ ਆਪਣੇ ਭਰੋਸੇਯੋਗ ਸਹਾਇਕਾਂ ਨੂੰ ਨਿਯੁਕਤ ਕੀਤਾ ਹੈ। ਪੁਰਨੀਆ ’ਚ ਉਨ੍ਹਾਂ ਦੇ ‘ਮਤਾਧਿਕਾਰ ਮਾਰਚ’ ਤੇ ਬਾਅਦ ਬਿਹਾਰ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਉਨ੍ਹਾਂ ਦੇ ਇਰਾਦੇ ਨੂੰ ਉਜਾਗਰ ਕਰਦੀ ਹੈ। ਰਾਹੁਲ ਬਿਹਾਰ ਨੂੰ ਕਾਂਗਰਸ ਦੀ ਵਾਪਸੀ ਲਈ ਜੰਗ ਦਾ ਮੈਦਾਨ ਬਣਾਉਣਾ ਚਾਹੁੰਦੇ ਹਨ, ਭਾਵੇਂ ਉਹ ਪਿਛਲੇ 20 ਦਿਨਾਂ ਤੋਂ ਬਿਹਾਰ ’ਚ ਸਰਗਰਮ ਨਹੀਂ ਹਨ।

ਮੋਦੀ ਅਤੇ ਰਾਹੁਲ ਦੋਵਾਂ ਲਈ ਬਿਹਾਰ ਸਿਰਫ਼ ਇਕ ਹੋਰ ਚੋਣ ਨਹੀਂ ਹੈ। ਇਹ ਕਥਾਨਕ, ਸਹਿਣਸ਼ੀਲਤਾ ਅਤੇ ਸੜਕ ’ਤੇ ਆਪਣੀ ਸ਼ਕਤੀ ਦੀ ਪ੍ਰੀਖਿਆ ਵੀ ਹੈ।


author

Rakesh

Content Editor

Related News