ਨਰਿੰਦਰ ਮੋਦੀ ਨੇ ਤੀਜੀ ਵਾਰ ਸੰਭਾਲਿਆ PM ਅਹੁਦੇ ਦਾ ਚਾਰਜ, ਕਿਸਾਨਾਂ ਲਈ ਲਿਆ ਇਹ ਫ਼ੈਸਲਾ
Monday, Jun 10, 2024 - 12:31 PM (IST)
ਨਵੀਂ ਦਿੱਲੀ (ਵਾਰਤਾ)- ਨਰਿੰਦਰ ਮੋਦੀ ਨੇ ਸੋਮਵਾਰ ਨੂੰ ਇੱਥੇ ਲਗਾਤਾਰ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਅਹੁਦੇ ਦਾ ਚਾਰਜ ਸੰਭਾਲਿਆ ਅਤੇ ਆਪਣੇ ਪਹਿਲੇ ਫ਼ੈਸਲੇ 'ਚ ਕਿਸਾਨਾਂ ਲਈ ਫ਼ੈਸਲਾ ਲਿਆ। ਪੀ.ਐੱਮ. ਮੋਦੀ ਨੇ ਪ੍ਰਧਾਨ ਮੰਤਰੀ ਕਿਸਾਨ ਨਿਧੀ ਦੀ 17ਵੀਂ ਕਿਸ਼ਤ ਜਾਰੀ ਕਰਨ ਦੀ ਮਨਜ਼ੂਰੀ ਦੇਣ ਵਾਲੀ ਫ਼ਾਈਲ 'ਤੇ ਦਸਤਖ਼ਤ ਕੀਤੇ। ਪ੍ਰਧਾਨ ਮੰਤਰੀ ਦਫ਼ਤਰ ਅਨੁਸਾਰ ਸ਼੍ਰੀ ਮੋਦੀ ਸਵੇਰੇ ਆਪਣੇ ਦਫ਼ਤਰ ਪਹੁੰਚੇ ਅਤੇ ਚਾਰਜ ਸੰਭਾਲਿਆ। ਉਨ੍ਹਾਂ ਨੇ ਸਭ ਤੋਂ ਪਹਿਲੇ ਕਿਸਾਨ ਨਿਧੀ ਦੀ ਕਿਸ਼ਤ ਜਾਰੀ ਕਰਨ ਦੀ ਫ਼ਾਈਲ 'ਤੇ ਦਸਤਖ਼ਤ ਕੀਤੇ। ਇਸ ਨਾਲ 9.3 ਕਰੋੜ ਕਿਸਾਨਾਂ ਨੂੰ ਫ਼ਾਇਦਾ ਹੋਵੇਗਾ ਅਤੇ ਕਰੀਬ 20 ਹਜ਼ਾਰ ਕਰੋੜ ਰੁਪਏ ਵੰਡੇ ਜਾਣਗੇ।
ਫ਼ਾਈਲ 'ਤੇ ਦਸਤਖ਼ਤ ਕਰਨ ਤੋਂ ਬਾਅਦ ਸ਼੍ਰੀ ਮੋਦੀ ਨੇ ਕਿਹਾ,''ਸਾਡੀ ਸਰਕਾਰ ਕਿਸਾਨ ਕਲਿਆਣ ਲਈ ਪੂਰੀ ਤਰ੍ਹਾਂ ਵਚਨਬੱਧ ਸਰਕਾਰ ਹੈ। ਇਸ ਲਈ ਇਹ ਉੱਚਿਤ ਹੈ ਕਿ ਚਾਰਜ ਸੰਭਾਲਦੇ ਹੀ ਜਿਸ ਪਹਿਲੀ ਫ਼ਾਈਲ 'ਤੇ ਦਸਤਖ਼ਤ ਕੀਤੇ ਜਾਣ, ਉਹ ਕਿਸਾਨ ਕਲਿਆਣ ਨਾਲ ਸੰਬੰਧਤ ਹੋਵੇ। ਅਸੀਂ ਆਉਣ ਵਾਲੇ ਸਮੇਂ 'ਚ ਕਿਸਾਨਾਂ ਅਤੇ ਖੇਤੀਬਾੜੀ ਖੇਤਰ 'ਚ ਹੋਰ ਵੀ ਵੱਧ ਕੰਮ ਕਰਦੇ ਰਹਿਣਾ ਚਾਹੁੰਦੇ ਹਾਂ।'' ਦੱਸਣਯੋਗ ਹੈ ਕਿ ਸ਼੍ਰੀ ਮੋਦੀ ਨੇ ਐਤਵਾਰ ਸ਼ਾਮ ਰਾਸ਼ਟਰਪਤੀ ਭਵਨ 'ਚ ਆਯੋਜਿਤ ਇਕ ਸਮਾਰੋਹ 'ਚ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ। ਉਨ੍ਹਾਂ ਨਾਲ ਕੈਬਨਿਟ ਦੇ 71 ਮੈਂਬਰਾਂ ਨੇ ਵੀ ਸਹੁੰ ਚੁੱਕੀ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8