5 ਸਾਲਾਂ 'ਚ ਮੋਦੀ ਦੀ ਵਿਦੇਸ਼ ਯਾਤਰਾ 'ਤੇ 443 ਕਰੋੜ ਖਰਚ, ਸਾਬਕਾ PM ਦੀ ਯਾਤਰਾ ਤੋਂ 50 Cr. ਘੱਟ
Sunday, Apr 07, 2019 - 03:41 PM (IST)
ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੀ ਯਾਤਰਾ 'ਤੇ ਜਾ ਸਕਦੇ ਹਨ, ਜੋ ਉਨ੍ਹਾਂ ਦੇ ਪਹਿਲੇ ਕਾਰਜਕਾਲ ਦੀ ਆਖਰੀ ਸਰਕਾਰੀ ਹਵਾਈ ਯਾਤਰਾ ਹੋਵੇਗੀ। ਦੋ-ਪੱਖੀ ਰਣਨੀਤਕ ਸੰਬੰਧਾਂ ਨੂੰ ਮਜਬੂਤ ਕਰਨ 'ਚ ਉਨ੍ਹਾਂ ਦੀ ਭੂਮਿਕਾ ਲਈ ਯੂ. ਏ. ਈ. ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉੱਥੋਂ ਦੇ ਸਰਵਉੱਚ ਨਾਗਰਿਕ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇਗਾ, ਜਿਸ ਲਈ ਇਹ ਯਾਤਰਾ ਹੋ ਸਕਦੀ ਹੈ। ਇਸ ਵਿਚਕਾਰ ਇਕ ਰਿਪੋਰਟ ਸਾਹਮਣੇ ਆਈ ਹੈ, ਜਿਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਵਾਈ ਖਰਚ ਬਾਰੇ ਜਾਣਕਾਰੀ ਦਿੱਤੀ ਗਈ ਹੈ। 44 ਵਿਦੇਸ਼ ਯਾਤਰਾਵਾਂ ਕਰਨ ਮਗਰੋਂ ਵੀ ਪ੍ਰਧਾਨ ਮੰਤਰੀ ਨਰਦਿੰਰ ਮੋਦੀ ਦਾ ਹਵਾਈ ਖਰਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀਆਂ ਯਾਤਰਾਵਾਂ ਨਾਲੋਂ 50 ਕਰੋੜ ਘੱਟ ਬੈਠ ਰਿਹਾ ਹੈ।
ਪ੍ਰਧਾਨ ਮੰਤਰੀ ਦਫਤਰ (ਪੀ. ਐੱਮ. ਓ.) ਦੇ ਅੰਕੜਿਆਂ ਅਨੁਸਾਰ 2014 'ਚ ਪ੍ਰਧਾਨ ਮੰਤਰੀ ਦੀ ਗੱਦੀ ਸੰਭਾਲਣ ਤੋਂ ਹੁਣ ਤਕ ਨਰਿੰਦਰ ਮੋਦੀ 44 ਵਿਦੇਸ਼ ਯਾਤਰਾਵਾਂ ਕਰ ਚੁੱਕੇ ਹਨ, ਜੋ ਕਿਸੇ ਵੀ ਪ੍ਰਧਾਨ ਮੰਤਰੀ ਨਾਲੋਂ ਸਭ ਤੋਂ ਵੱਧ ਹਨ।
ਹਾਲਾਂਕਿ ਮੋਦੀ ਦੀਆਂ ਵਿਦੇਸ਼ ਯਾਤਰਾਵਾਂ ਦਾ ਖਰਚ ਉਨ੍ਹਾਂ ਤੋਂ ਪਹਿਲਾਂ ਸਾਬਕਾ ਪੀ. ਐੱਮ. ਮਨਮੋਹਨ ਸਿੰਘ ਵੱਲੋਂ 2009 ਤੋਂ 2014 ਤਕ ਕੀਤੀਆਂ ਗਈਆਂ ਯਾਤਰਾਵਾਂ ਦੇ ਖਰਚ ਤੋਂ ਲਗਭਗ 50 ਕਰੋੜ ਰੁਪਏ ਘੱਟ ਹੈ। ਪੀ. ਐੱਮ. ਦੇ ਤੌਰ 'ਤੇ ਮਨਮੋਹਨ ਸਿੰਘ ਨੇ 5 ਸਾਲਾਂ 'ਚ 38 ਵਿਦੇਸ਼ ਯਾਤਰਾਵਾਂ ਕੀਤੀਆਂ ਸਨ, ਜਿਨ੍ਹਾਂ 'ਤੇ 493.22 ਕਰੋੜ ਰੁਪਏ ਖਰਚ ਹੋਏ ਸਨ। ਉੱਥੇ ਹੀ, ਸਰਕਾਰੀ ਜਹਾਜ਼ ਕੰਪਨੀ ਏਅਰ ਇੰਡੀਆ ਨੇ ਪੀ. ਐੱਮ. ਓ. ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਯਾਤਰਾਵਾਂ ਦਾ 443 ਕਰੋੜ ਰੁਪਏ ਦਾ ਬਿੱਲ ਭੇਜਿਆ ਹੈ, ਜਿਸ ਦਾ ਭੁਗਤਾਨ ਸਰਕਾਰ ਨੇ ਕਰਨਾ ਹੈ।
ਇਸ ਕਾਰਨ ਨਹੀਂ ਵਧਿਆ ਯਾਤਰਾਵਾਂ ਦਾ ਬਿੱਲ-
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਦੇਸ਼ ਯਾਤਰਾ ਦੇ ਘੱਟ ਖਰਚ ਦੀ ਇਕ ਵਜ੍ਹਾ ਇਹ ਹੈ ਕਿ ਉਨ੍ਹਾਂ ਨੇ ਇਕ ਹੀ ਯਾਤਰਾ ਦੌਰਾਨ 2 ਜਾਂ ਉਸ ਤੋਂ ਵੱਧ ਦੇਸ਼ਾਂ ਦਾ ਸਫਰ ਕੀਤਾ ਹੈ। ਸਾਲ 2015 'ਚ ਤਾਂ ਉਨ੍ਹਾਂ ਨੇ ਇਕੱਠੇ 6 ਦੇਸ਼ਾਂ ਉਜ਼ਬੇਕਿਸਤਾਨ, ਕਜ਼ਾਖਸਤਾਨ, ਰੂਸ, ਤੁਰਕਮੇਨਿਸਤਾਨ, ਕਿਰਗਿਸਤਾਨ ਅਤੇ ਤਜ਼ਾਕਿਸਤਾਨ ਦੀ ਯਾਤਰਾ ਕੀਤੀ ਸੀ। ਉਨ੍ਹਾਂ ਦੀ ਯਾਤਰਾ ਦਾ ਖਰਚ ਘੱਟ ਹੋਣ ਦਾ ਇਕ ਹੋਰ ਕਾਰਨ ਇਹ ਹੈ ਕਿ 6 ਹੋਰ ਯਾਤਰਾਵਾਂ ਲਈ ਉਨ੍ਹਾਂ ਭਾਰਤੀ ਹਵਾਈ ਫੌਜ (ਆਈ. ਏ. ਐੱਫ.) ਦੇ ਜੈੱਟ ਦਾ ਇਸਤੇਮਾਲ ਕੀਤਾ, ਜਿਸ ਕਾਰਨ ਕੋਈ ਵਾਧੂ ਖਰਚ ਨਹੀਂ ਹੋਇਆ। ਮੋਦੀ ਭਾਰਤੀ ਹਵਾਈ ਫੌਜ ਦੇ ਬੋਇੰਗ 737 ਬਿਜ਼ਨੈੱਸ ਜੈੱਟ 'ਚ ਨੇਪਾਲ, ਬੰਗਲਾਦੇਸ਼, ਈਰਾਨ ਅਤੇ ਸਿੰਗਾਪੁਰ ਗਏ, ਜੋ ਵਿਸ਼ੇਸ਼ ਤੌਰ 'ਤੇ ਵੀ. ਵੀ. ਆਈ. ਪੀ. ਯਾਤਰਾ ਲਈ ਹਰ ਸਾਲ ਇਸਤੇਮਾਲ ਕੀਤਾ ਜਾਂਦਾ ਹੈ।
ਹਾਲਾਂਕਿ ਨਿਸ਼ਚਿਤ ਤੌਰ 'ਤੇ ਹੋਰ ਯਾਤਰਾਵਾਂ ਜਿਨ੍ਹਾਂ ਦਾ ਬਿੱਲ ਅਜੇ ਬਣਨਾ ਹੈ ਅਤੇ ਯੂ. ਏ. ਈ. ਦੀ ਅਗਲੀ ਯਾਤਰਾ ਹੋਣ ਮਗਰੋਂ ਮੋਦੀ ਦੀ ਵਿਦੇਸ਼ ਯਾਤਰਾ ਦਾ ਖਰਚ ਵਧ ਹੋ ਜਾਵੇਗਾ ਪਰ ਔਸਤ ਫਿਰ ਵੀ ਘੱਟ ਰਹਿਣ ਦੀ ਸੰਭਾਵਨਾ ਹੈ। ਸਰਕਾਰੀ ਡਾਟਾ ਮੁਤਾਬਕ ਜਪਾਨ, ਸਿੰਗਾਪੁਰ, ਮਾਲਦੀਵ, ਅਰਜਨਟੀਨਾ ਅਤੇ ਦੱਖਣੀ ਕੋਰੀਆ ਯਾਤਰਾਵਾਂ ਦਾ ਬਿੱਲ ਹੁਣ ਤਕ ਸਰਕਾਰੀ ਜਹਾਜ਼ ਕੰਪਨੀ ਨੇ ਨਹੀਂ ਭੇਜਿਆ ਹੈ।