ਗੁਜਰਾਤ ’ਚ ਮੋਦੀ ਮੈਜਿਕ, ਹਿਮਾਚਲ ’ਚ ਕਾਂਗਰਸ ਰਾਜ ਕਾਇਮ

Friday, Dec 09, 2022 - 10:18 AM (IST)

ਗੁਜਰਾਤ ’ਚ ਮੋਦੀ ਮੈਜਿਕ, ਹਿਮਾਚਲ ’ਚ ਕਾਂਗਰਸ ਰਾਜ ਕਾਇਮ

ਅਹਿਮਦਾਬਾਦ/ਸ਼ਿਮਲਾ- ਗੁਜਰਾਤ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੇ ਪ੍ਰਚੰਡ ਬਹੁਮਤ ਹਾਸਲ ਕਰਦੇ ਹੋਏ 156 ਸੀਟਾਂ ’ਤੇ ਜਿੱਤ ਦਰਜ ਕੀਤੀ, ਜਦਕਿ ਕਾਂਗਰਸ 17 ਸੀਟਾਂ ’ਤੇ ਹੀ ਸਿਮਟ ਗਈ। ਉੱਥੇ ਹੀ ਆਮ ਆਦਮੀ ਪਾਰਟੀ ਨੇ 5 ਸੀਟਾਂ ’ਤੇ ਜਿੱਤ ਦਰਜ ਕੀਤੀ ਹੈ। ਕਾਂਗਰਸ ਨੂੰ ਸਭ ਤੋਂ ਵੱਧ 60 ਸੀਟਾਂ ਦਾ ਨੁਕਸਾਨ ਹੋਇਆ ਹੈ। ਪਾਰਟੀ ਨੇ ਪਿਛਲੀ ਵਾਰ 77 ਸੀਟਾਂ ਜਿੱਤੀਆਂ ਸਨ। ਗੁਜਰਾਤ ਚੋਣਾਂ ’ਚ ਲਗਭਗ 30 ਰੈਲੀਆਂ ਨੂੰ ਸੰਬੋਧਨ ਕਰਨ ਵਾਲੇ ਪ੍ਰਧਾਨ ਮੰਤਰੀ ਮੋਦੀ ਦੀ ਜਨਤਾ ’ਚ ਸਵੀਕਾਰਤਾ ਦਾ ਫਾਇਦਾ ਉਠਾਉਂਦੇ ਹੋਏ ਭਾਜਪਾ ਇਕ ਵਾਰ ਫਿਰ ਸੱਤਾ ਵਿਰੋਧੀ ਲਹਿਰ ਨੂੰ ਪਾਰ ਕਰਨ ’ਚ ਕਾਮਯਾਬ ਰਹੀ। ਗੁਜਰਾਤ ’ਚ ਭਾਜਪਾ ਦੇ ਮਿਠ ਬੋਲੜਾ ਚਿਹਰਾ ਭੂਪੇਂਦਰ ਪਟੇਲ ਇਕ ਵਾਰ ਫਿਰ ਸੂਬੇ ਦੀ ਕਮਾਨ ਸੰਭਾਲਣਗੇ। ਪ੍ਰਦੇਸ਼ ਭਾਜਪਾ ਪ੍ਰਧਾਨ ਸੀ. ਆਰ. ਪਾਟਿਲ ਨੇ ਵੀਰਵਾਰ ਨੂੰ ਕਿਹਾ ਕਿ ਪਟੇਲ 12 ਦਸੰਬਰ ਨੂੰ ਫਿਰ ਤੋਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।

ਇਹ ਵੀ ਪੜ੍ਹੋ : 1998 ’ਚ ਭਾਜਪਾ ਵਿਧਾਇਕ ਹੋਇਆ ਸੀ ਅਗਵਾ, ਮੋਦੀ ਨੇ ਇੰਝ ਬਣਾਈ ਸੀ ਸਰਕਾਰ

ਓਧਰ, ਕਾਂਗਰਸ ਨੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ’ਚ ਪੂਰਨ ਬਹੁਮਤ ਹਾਸਲ ਕਰ ਲਿਆ ਹੈ, ਇਸ ਤਰ੍ਹਾਂ ਸੂਬੇ ’ਚ ਹਰ 5 ਸਾਲਾਂ ’ਤੇ ਸੱਤਾ ਬਦਲਣ ਦਾ ਰਵਾਜ ਕਾਇਮ ਰਿਹਾ। ਚੋਣ ਨਤੀਜੇ ਆਉਣ ਤੋਂ ਬਾਅਦ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਰਾਜਪਾਲ ਰਾਜੇਂਦਰ ਵਿਸ਼ਵਨਾਥ ਆਰਲੇਕਰ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਰਾਜਪਾਲ ਨੇ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। 68 ਮੈਂਬਰੀ ਵਿਧਾਨ ਸਭਾ ’ਚ ਕਾਂਗਰਸ ਨੇ 40 ਸੀਟਾਂ ’ਤੇ ਜਿੱਤ ਦਰਜ ਕੀਤੀ ਹੈ। ਉੱਥੇ ਹੀ, ਭਾਜਪਾ 25 ਸੀਟਾਂ ’ਤੇ ਸਿਮਟ ਗਈ। 3 ਸੀਟਾਂ ’ਤੇ ਆਜ਼ਾਦ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ। ਆਮ ਆਦਮੀ ਪਾਰਟੀ (ਆਪ) ਦੇ ਹਿੱਸੇ ਕੋਈ ਸੀਟ ਨਹੀਂ ਆਈ। ਹਿਮਾਚਲ ਪ੍ਰਦੇਸ਼ ਦਾ 1985 ਤੋਂ ਬਾਅਦ ਦਾ ਇਹ ਸਿਆਸੀ ਇਤਿਹਾਸ ਰਿਹਾ ਹੈ ਕਿ ਇੱਥੋਂ ਦੇ ਲੋਕਾਂ ਨੇ ਲਗਾਤਾਰ ਦੋ ਵਾਰ ਸੱਤਾ ਦੀ ਚਾਬੀ ਕਿਸੇ ਪਾਰਟੀ ਨੂੰ ਨਹੀਂ ਸੌਂਪੀ ਹੈ।

ਇਹ ਵੀ ਪੜ੍ਹੋ : ਭਾਜਪਾ ਦੇ ਕਿਲ੍ਹੇ 'ਚ 'ਆਪ' ਦੀ ਸੰਨ੍ਹ, ਕੇਜਰੀਵਾਲ ਨੇ ਰਾਸ਼ਟਰੀ ਪਾਰਟੀ ਬਣਨ 'ਤੇ ਗੁਜਰਾਤੀਆਂ ਦਾ ਕੀਤਾ ਧੰਨਵਾਦ

ਕਾਂਗਰਸ ਵੱਲੋਂ ਆਪਣੇ ਵਿਧਾਇਕਾਂ ਨੂੰ ‘ਖਰੀਦੋ-ਫਰੋਖਤ’ ਦੇ ਡਰ ਕਾਰਨ ਚੰਡੀਗੜ੍ਹ ਲਿਜਾਣ ’ਤੇ ਠਾਕੁਰ ਨੇ ਕਿਹਾ, ‘ਉਹ ਚੁਣੇ ਹੋਏ ਵਿਧਾਇਕ ਹਨ ਪਰ ਪਾਰਟੀ ਨੇਤਾਵਾਂ ’ਚ ਹੋੜ ਹੈ ਕਿ ਮੁੱਖ ਮੰਤਰੀ ਕੌਣ ਬਣੇਗਾ ਅਤੇ ਇਸ ਲਈ ਉਹ ਡਰੇ ਹੋਏ ਹਨ।” ਓਧਰ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ’ਚ ਪਾਰਟੀ ਦੀ ਜਿੱਤ ਲਈ ਨੇਤਾਵਾਂ, ਵਰਕਰਾਂ ਅਤੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਰਾਜਪਾਲ ਤੋਂ ਮੁਲਾਕਾਤ ਦਾ ਸਮਾਂ ਮੰਗਣ ਅਤੇ ਸਰਕਾਰ ਗਠਨ ਲਈ ਹੋਰ ਰਸਮੀ ਕਾਰਵਾਈਆਂ ਬਾਰੇ ਫ਼ੈਸਲਾ ਆਬਜ਼ਰਵਰ ਕਰਨਗੇ। ਗੁਜਰਾਤ ’ਚ ਪਾਰਟੀ ਦੀ ਹਾਰ ’ਤੇ ਉਨ੍ਹਾਂ ਕਿਹਾ, ‘‘ਜਿੱਥੇ ਹਾਰੇ ਹਾਂ, ਅਸੀਂ ਸਵੀਕਾਰ ਕਰਾਂਗੇ, ਜਿੱਥੇ ਜਿੱਤੇ ਹਾਂ, ਉੱਥੇ ਵਧਾਈ ਦੇਵਾਂਗੇ।’’ ਲੋਕਤੰਤਰ ’ਚ ਹਾਰ-ਜਿੱਤ ਹੁੰਦੀ ਰਹਿੰਦੀ ਹੈ। ਅਸੀਂ ਵੇਖਾਂਗੇ, ਜਿੱਥੇ ਕਮੀਆਂ ਹੋਣਗੀਆਂ, ਉਨ੍ਹਾਂ ਨੂੰ ਦੂਰ ਕਰਾਂਗੇ।’’

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News