'ਮੋਦੀ ਜਿੱਤੇ ਤਾਂ ਉਹ ਸ਼ਾਹ ਨੂੰ ਬਣਾਉਣਗੇ PM, ਯੋਗੀ ਨੂੰ ਸੱਤਾ ਤੋਂ ਕਰ ਦੇਣਗੇ ਲਾਂਭੇ, BJP 'ਤੇ ਵਰ੍ਹੇ ਕੇਜਰੀਵਾਲ
Saturday, May 11, 2024 - 08:17 PM (IST)
ਨਵੀਂ ਦਿੱਲੀ, (ਭਾਸ਼ਾ)- ਦਿੱਲੀ ਸ਼ਰਾਬ ਘਪਲਾ ਮਾਮਲੇ ’ਚ ਸੁਪਰੀਮ ਕੋਰਟ ਤੋਂ ਅੰਤਰਿਮ ਜ਼ਮਾਨਤ ਮਿਲਣ ਪਿੱਛੋਂ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਪਾਰਟੀ ਹੈੱਡਕੁਆਰਟਰ ਵਿਖੇ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਜੇਲ ਤੋਂ ਸਿੱਧਾ ਤੁਹਾਡੇ ਦਰਮਿਆਨ ਆ ਰਿਹਾ ਹਾਂ। 50 ਦਿਨਾਂ ਬਾਅਦ ਤੁਹਾਡੇ ਕੋਲ ਆ ਕੇ ਚੰਗਾ ਲੱਗਾ ਹੈ।
ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਆਮ ਆਦਮੀ ਪਾਰਟੀ ਨੂੰ ਕੁਚਲਣ ਤੇ ਤਬਾਹ ਕਰਨ ’ਚ ਕੋਈ ਕਸਰ ਬਾਕੀ ਨਹੀਂ ਛੱਡੀ। ਮੋਦੀ ਨੇ ਬਹੁਤ ਖਤਰਨਾਕ ਮਿਸ਼ਨ ਸ਼ੁਰੂ ਕੀਤਾ ਹੈ। ਉਸ ਮਿਸ਼ਨ ਦਾ ਨਾਂ ‘ਵਨ ਨੇਸ਼ਨ ਵਨ ਲੀਡਰ’ ਹੈ। ਮੋਦੀ ਜੀ ਦੇਸ਼ ਦੇ ਸਾਰੇ ਵਿਰੋਧੀ ਨੇਤਾਵਾਂ ਨੂੰ ਖਤਮ ਕਰਨਾ ਚਾਹੁੰਦੇ ਹਨ। ਸਾਰੇ ਵਿਰੋਧੀ ਨੇਤਾਵਾਂ ਨੂੰ ਜੇਲ ਭੇਜਿਆ ਜਾਏਗਾ। ਕੁਝ ਦਿਨਾਂ ਬਾਅਦ ਮਮਤਾ ਦੀਦੀ, ਤੇਜਸਵੀ ਯਾਦਵ, ਸਟਾਲਿਨ ਸਾਹਿਬ, ਪਿਨਰਾਈ ਵਿਜਯਨ ਤੇ ਊਧਵ ਠਾਕਰੇ ਵੀ ਜੇਲ ’ਚ ਹੋਣਗੇ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੋਦੀ ਜੀ ਨੇ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਸੁਮਿਤਰਾ ਮਹਾਜਨ, ਸ਼ਿਵਰਾਜ ਪਾਟਿਲ, ਵਸੁੰਧਰਾ ਰਾਜੇ, ਮਨੋਹਰ ਲਾਲ ਖੱਟੜ ਤੇ ਰਮਨ ਸਿੰਘ ਵਰਗੇ ਨੇਤਾਵਾਂ ਦੀ ਸਿਆਸਤ ਨੂੰ ਖਤਮ ਕਰ ਦਿੱਤਾ ਹੈ। ਜੇ ਮੋਦੀ ਜੀ ਚੋਣਾਂ ਜਿੱਤ ਜਾਂਦੇ ਹਨ ਤਾਂ ਉਹ 2 ਮਹੀਨਿਆਂ ਅੰਦਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਬਦਲ ਦੇਣਗੇ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਮੋਦੀ ਆਪਣੇ ਦੋਸਤ ਅਮਿਤ ਸ਼ਾਹ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਵੋਟਾਂ ਮੰਗ ਰਹੇ ਹਨ।
ਭਾਜਪਾ ਨੇ ਕੇਜਰੀਵਾਲ ਵਿਰੁੱਧ ਜਾਰੀ ਕੀਤਾ ਨਵਾਂ ਪੋਸਟਰ
ਭਾਜਪਾ ਨੇ ਨਵਾਂ ਪੋਸਟਰ ਜਾਰੀ ਕਰ ਕੇ ਆਮ ਆਦਮੀ ਪਾਰਟੀ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ ਹੈ। ਭਾਜਪਾ ਦੀ ਦਿੱਲੀ ਇਕਾਈ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਨਵਾਂ ਪੋਸਟਰ ਜਾਰੀ ਕਰਨ ਦੇ ਨਾਲ ਹੀ ਆਉਣ ਵਾਲੇ ਦਿਨਾਂ ’ਚ ਆਮ ਆਦਮੀ ਪਾਰਟੀ ਨੂੰ ‘ਖਾਲਿਸਤਾਨੀ ਫੰਡਿੰਗ’ ਮਿਲਣ ਦਾ ਮੁੱਦਾ ਵੀ ਜ਼ੋਰਦਾਰ ਢੰਗ ਨਾਲ ਉਠਾਉਣ ਦਾ ਫੈਸਲਾ ਕੀਤਾ ਹੈ।