ਮੋਦੀ ਨੇ ਇਟਲੀ ਦੀ PM ਮੇਲੋਨੀ ਨਾਲ ਕੀਤੀ ਗੱਲਬਾਤ, ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ’ਤੇ ਦਿੱਤਾ ਜ਼ੋਰ
Thursday, Sep 11, 2025 - 12:37 AM (IST)

ਨਵੀਂ ਦਿੱਲੀ (ਭਾਸ਼ਾ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਇੱਟਲੀ ਦੀ ਪੀ. ਐੱਮ. ਮੇਲੋਨੀ ਨਾਲ ਭਾਰਤ ਤੇ ਯੂਰਪੀਨ ਯੂਨੀਅਨ ਦਰਮਿਅਾਨ ਪ੍ਰਸਤਾਵਿਤ ਮੁਕਤ ਵਪਾਰ ਸਮਝੌਤੇ ’ਤੇ ਚਰਚਾ ਕੀਤੀ ਤੇ ਇਸ ਲਈ ਦਿੱਤੀ ਹਮਾਇਤ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
ਮੇਲੋਨੀ ਨਾਲ ਟੈਲੀਫੋਨ ’ਤੇ ਗੱਲਬਾਤ ਦੌਰਾਨ ਮੋਦੀ ਨੇ ਯੂਕ੍ਰੇਨ ’ਚ ਟਕਰਾਅ ਨੂੰ ਖਤਮ ਕਰਨ ਦੇ ਤਰੀਕਿਆਂ ਦੇ ਨਾਲ ਹੀ ਭਾਰਤ-ਮੱਧ ਪੂਰਬ-ਯੂਰਪ ਆਰਥਿਕ ਗਲਿਆਰੇ ਨੂੰ ਲਾਗੂ ਕਰਨ ’ਤੇ ਵੀ ਚਰਚਾ ਕੀਤੀ। ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਪੋਸਟ ਕੀਤਾ ਕਿ ਮੇਲੋਨੀ ਨਾਲ ਚੰਗੀ ਗੱਲਬਾਤ ਹੋਈ। ਅਸੀਂ ਭਾਰਤ-ਇਟਲੀ ਰਣਨੀਤਕ ਭਾਈਵਾਲੀ ਨੂੰ ਡੂੰਘਾ ਕਰਨ ਤੇ ਯੂਕ੍ਰੇਨ ’ਚ ਟਕਰਾਅ ਨੂੰ ਜਲਦੀ ਹੀ ਖਤਮ ਕਰਨ ’ਚ ਸਾਂਝੇ ਹਿੱਤਾਂ ਨੂੰ ਦੁਹਰਾਇਆ।
Had an excellent conversation with Prime Minister Giorgia Meloni. We reaffirmed our joint commitment to deepen India-Italy Strategic Partnership, and shared interest in bringing an early end to the conflict in Ukraine. Thanked PM Meloni for Italy’s proactive support for…
— Narendra Modi (@narendramodi) September 10, 2025
ਉਨ੍ਹਾਂ ਕਿਹਾ ਕਿ ਅਸੀਂ ਭਾਰਤ- ਯੂਰਪੀਨ ਯੂਨੀਅਨ ਦਰਮਿਅਾਨ ਇਕ ਆਪਸੀ ਲਾਭਦਾਇਕ ਵਪਾਰ ਸਮਝੌਤੇ ਨੂੰ ਪੂਰਾ ਕਰਨ ਤੇ ਭਾਰਤ-ਮੱਧ ਪੂਰਬ-ਯੂਰਪ ਆਰਥਿਕ ਗਲਿਆਰੇ ’ਤੇ ਕੰਮ ਕਰਨ ਦੀ ਉਮੀਦ ਕਰਦੇ ਹਾਂ। ਮੈਂ ਪਹਿਲਕਦਮੀ ਰਾਹੀਂ ਸੰਪਰਕ ਨੂੰ ਉਤਸ਼ਾਹਿਤ ਕਰਨ ’ਚ ਇਟਲੀ ਦੀ ਸਰਗਰਮ ਹਮਾਇਤ ਲਈ ਪ੍ਰਧਾਨ ਮੰਤਰੀ ਮੇਲੋਨੀ ਦਾ ਧੰਨਵਾਦ ਕੀਤਾ।
ਭਾਰਤ ਤੇ ਯੂਰਪੀਨ ਯੂਨੀਅਨ ਇਸ ਸਾਲ ਦੇ ਅੰਤ ਤੱਕ ਪ੍ਰਸਤਾਵਿਤ ਮੁਕਤ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਦੋਵੇਂ ਧਿਰਾਂ ਇਸ ਹਫ਼ਤੇ ਨਵੀਂ ਦਿੱਲੀ ’ਚ 13ਵੇਂ ਦੌਰ ਦੀ ਗੱਲਬਾਤ ਕਰ ਰਹੀਆਂ ਹਨ। ਭਾਰਤ ਤੇ ਯੂਰਪੀਨ ਯੂਨੀਅਨ ਨੇ 8 ਸਾਲ ਬਾਅਦ ਜੂਨ 2022 ’ਚ ਇਕ ਮੁਕਤ ਵਪਾਰ ਸਮਝੌਤੇ ’'ਤੇ ਗੱਲਬਾਤ ਮੁੜ ਸ਼ੁਰੂ ਕੀਤੀ ਹੈ।