ਇਸ ਯੋਜਨਾ ''ਚ ਵੱਡੀ ਤਬਦੀਲੀ ਦੀ ਤਿਆਰੀ ''ਚ ਮੋਦੀ ਸਰਕਾਰ, 10 ਲੱਖ ਹੋ ਸਕਦੈ ਬੀਮਾ ਕਵਰ
Sunday, Jul 07, 2024 - 05:49 PM (IST)
ਨਵੀਂ ਦਿੱਲੀ (ਭਾਸ਼ਾ)- ਕੇਂਦਰ ਸਰਕਾਰ ਆਪਣੀ ਮੁੱਖ ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ (ਏਬੀ-ਪੀਐੱਮਜੇਏਵਾਈ) ਦੇ ਲਾਭਪਾਤਰੀਆਂ ਦੀ ਗਿਣਤੀ ਆਉਣ ਵਾਲੇ ਤਿੰਨ ਸਾਲਾਂ ਦੌਰਾਨ ਦੁੱਗਣਾ ਕਰਨ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਸਰਕਾਰ ਸ਼ੁਰੂਆਤ 'ਚ 70 ਸਾਲਾਂ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਇਸ ਦੇ ਦਾਇਰੇ 'ਚ ਲਿਆਉਣ ਅਤੇ ਬੀਮਾ ਕਵਰੇਜ ਨੂੰ ਵਧਾ ਕੇ 10 ਲੱਖ ਰੁਪਏ ਹਰ ਸਾਲ ਕਰਨ 'ਤੇ ਮੰਥਨ ਕਰ ਰਹੀ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਜੇਕਰ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ ਤਾਂ ਰਾਸ਼ਟਰੀ ਸਿਹਤ ਅਥਾਰਟੀ ਦੇ ਅਨੁਮਾਨ ਅਨੁਸਾਰ, ਸਰਕਾਰੀ ਖਜ਼ਾਨੇ 'ਤੇ ਹਰ ਸਾਲ 12,076 ਕਰੋੜ ਰੁਪਏ ਦਾ ਵਾਧੂ ਖਰਚ ਆਵੇਗਾ। ਸੂਤਰਾਂ ਨੇ ਕਿਹਾ,''ਅਗਲੇ ਤਿੰਨ ਸਾਲਾਂ 'ਚ ਏਬੀ-ਪੀਐੱਮਜੇਏਵਾਈ ਦੇ ਅਧੀਨ ਲਾਭਪਾਤਰੀਆਂ ਦੀ ਗਿਣਤੀ ਦੁੱਗਣੀ ਕਰਨ 'ਤੇ ਚਰਚਾ ਹੋ ਰਹੀ ਹੈ, ਜਿਸ ਨੂੰ ਲਾਗੂ ਕੀਤਾ ਗਿਆ ਤਾਂ ਦੇਸ਼ ਦੀ ਦੋ-ਤਿਹਾਈ ਤੋਂ ਵੱਧ ਆਬਾਦੀ ਨੂੰ ਸਿਹਤ ਕਵਰ ਮਿਲੇਗਾ। ਪਰਿਵਾਰਾਂ ਨੂੰ ਕਰਜ਼ ਦੇ ਦਲਦਲ 'ਚ ਧੱਕਣ ਵਾਲੇ ਕੁਝ ਸਭ ਤੋਂ ਵੱਡੇ ਕਾਰਨਾਂ 'ਚ ਡਾਕਟਰੀ ਖਰਚ ਵੀ ਇਕ ਹੈ।'' ਉਨ੍ਹਾਂ ਕਿਹਾ,''ਕਵਰੇਜ ਰਾਸ਼ੀ ਦੀ ਸੀਮਾ ਨੂੰ ਮੌਜੂਦਾ 5 ਲੱਖ ਰੁਪਏ ਤੋਂ ਦੁੱਗਣਾ ਕਰ ਕੇ 10 ਲੱਖ ਰੁਪਏ ਕਰਨ ਦੇ ਪ੍ਰਸਤਾਵ ਨੂੰ ਅੰਤਿਮ ਰੂਪ ਦੇਣ 'ਤੇ ਵਿਚਾਰ ਚੱਲ ਰਿਹਾ ਹੈ।''
ਇਸ ਮਹੀਨੇ ਦੇ ਅੰਤ 'ਚ ਪੇਸ਼ ਹੋਣ ਵਾਲੇ ਕੇਂਦਰੀ ਬਜਟ 'ਚ ਇਨ੍ਹਾਂ ਪ੍ਰਸਤਾਵਾਂ ਜਾਂ ਇਸ ਦੇ ਕੁਝ ਹਿੱਸਿਆਂ ਦਾ ਐਲਾਨ ਹੋਣ ਦੀ ਉਮੀਦ ਹੈ। ਅੰਤਰਿਮ ਬਜਟ 2024 'ਚ ਸਰਕਾਰ ਨੇ 'ਏਬੀ-ਪੀਐੱਮਜੇਏਵਾਈ' ਲਈ ਅਲਾਟਮੈਂਟ ਵਧਾ ਕੇ 7,200 ਕਰੋੜ ਰੁਪਏ ਕਰ ਦਿੱਤਾ, ਜੋ 12 ਕਰੋੜ ਪਰਿਵਾਰਾਂ ਨੂੰ ਸੈਕੰਡਰੀ ਅਤੇ ਤੀਜੇ ਦਰਜੇ ਦੀ ਦੇਖਭਾਲ ਲਈ ਹਸਪਤਾਲ 'ਚ ਦਾਖ਼ਲ ਲਈ ਹਰ ਸਾਲ 5 ਲੱਖ ਰੁਪਏ ਪ੍ਰਤੀ ਪਰਿਵਾਰ ਦਾ ਸਿਹਤ ਕਵਰ ਪ੍ਰਦਾਨ ਕਰਦਾ ਹੈ। ਆਯੂਸ਼ਮਾਨ ਭਾਰਤ ਸਿਹਤ ਬੁਨਿਆਦੀ ਢਾਂਚਾ ਮਿਸ਼ਨ (ਪੀਐੱਮ-ਏਬੀਐੱਚਆਈਐੱਮ) ਲਈ 646 ਕਰੋੜ ਰੁਪਏ ਅਲਾਟ ਕੀਤੇ ਗਏ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ 27 ਜੂਨ ਨੂੰ ਸੰਸਦ ਦੀ ਸੰਯੁਕਤ ਬੈਠਕ 'ਚ ਆਪਣੇ ਭਾਸ਼ਣ 'ਚ ਕਿਹਾ ਸੀ ਕਿ 70 ਸਾਲ ਤੋਂ ਵੱਧ ਉਮਰ ਦੇ ਸਾਰੇ ਬਜ਼ੁਰਗਾਂ ਨੂੰ ਵੀ ਹੁਣ ਆਯੂਸ਼ਮਾਨ ਭਾਰਤ ਯੋਜਨਾ ਦੇ ਅਧੀਨ ਕਵਰ ਕੀਤਾ ਜਾਵੇਗਾ ਅਤੇ ਮੁਫ਼ਤ ਇਲਾਜ ਦਾ ਲਾਭ ਮਿਲੇਗਾ। ਉੱਥੇ ਹੀ ਇਕ ਹੋਰ ਸੂਤਰ ਨੇ ਕਹਿਾ ਕਿ 70 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਮਿਲਾ ਕੇ ਇਸ ਯੋਜਨਾ ਦੇ ਲਾਭਪਾਤਰੀਆਂ ਦੀ ਗਿਣਤੀ ਲਗਭਗ 4-5 ਕਰੋੜ ਵੱਧ ਜਾਵੇਗੀ। ਏਬੀ-ਪੀਐੱਮਜੇਏਵਾਈ ਲਈ 5 ਲੱਖ ਰੁਪਏ ਦਾ ਬੀਮਾ 2018 'ਚ ਤੈਅ ਕੀਤਾ ਗਿਆ ਸੀ। ਕਵਰ ਰਾਸ਼ੀ ਨੂੰ ਦੁੱਗਣਾ ਕਰਨ ਦਾ ਮਕਸਦ ਉੱਚ ਲਾਗਤ ਵਾਲੇ ਇਲਾਜ ਜਾਵੇਂ ਟਰਾਂਸਪਲਾਂਟ, ਕੈਂਸਰ ਆਦਿ ਦੇ ਮਾਮਲਿਆਂ 'ਚ ਪਰਿਵਾਰਾਂ ਨੂੰ ਰਾਹਤ ਪ੍ਰਦਾਨ ਕਰਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8