'ਮਨ ਕੀ ਬਾਤ' 'ਚ ਪੀ.ਐਮ ਮੋਦੀ ਨੇ ਕੀਤਾ ਭਾਰਤ ਦੀਆਂ ਬੇਟੀਆਂ ਨੂੰ ਸਲਾਮ

05/27/2018 11:17:39 AM

ਨਵੀਂ ਦਿੱਲੀ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਵਾਇਤੀ ਭਾਰਤੀ ਖੇਡਾਂ ਨੂੰ ਹੱਲਾਸ਼ੇਰੀ ਦੇਣ ਦਾ ਸੱਦਾ ਦਿੰਦੇ ਹੋਏ ਐਤਵਾਰ ਕਿਹਾ ਕਿ ਇਨ੍ਹਾਂ ਦੀ ਵੰਨ-ਸੁਵੰਨਤਾ 'ਚ ਕੌਮੀ ਏਕਤਾ ਮੌਜੂਦ ਹੈ ਤੇ ਇਸ ਰਾਹੀਂ ਪੀੜ੍ਹੀਆਂ ਦੇ ਫਰਕ ਨੂੰ ਖਤਮ ਕੀਤਾ ਜਾ ਸਕਦਾ ਹੈ। ਐਤਵਾਰ ਆਕਾਸ਼ਵਾਣੀ ਤੋਂ ਆਪਣੇ ਮਾਸਿਕ ਪ੍ਰੋਗਰਾਮ 'ਮਨ ਕੀ ਬਾਤ' ਦੀ 44ਵੀਂ ਕੜੀ 'ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਈ ਵਾਰ ਇਹ ਚਿੰਤਾ ਹੁੰਦੀ ਹੈ ਕਿ ਕਿਤੇ ਸਾਡੀਆਂ ਇਨ੍ਹਾਂ ਖੇਡਾਂ ਦੀ ਹੋਂਦ ਹੀ ਨਾ ਖਤਮ ਹੋ ਜਾਵੇ। ਉਨ੍ਹਾਂ ਰਵਾਇਤੀ ਖੇਡਾਂ ਦੀ ਸੰਭਾਲ ਕਰਨ ਦਾ ਸੱਦਾ ਦਿੱਤਾ। ਇਨ੍ਹਾਂ ਖੇਡਾਂ ਨੂੰ ਖੇਡਣ ਦੀ ਕੋਈ ਉਮਰ ਨਹੀਂ ਹੁੰਦੀ। 6 ਸਾਲ ਦੇ ਬੱਚੇ ਤੋਂ ਲੈ ਕੇ 60 ਸਾਲ ਦੇ ਬਜ਼ੁਰਗ ਤਕ ਜਦੋਂ ਸਭ ਖੇਡਦੇ ਹਨ ਤਾਂ ਪੀੜ੍ਹੀਆਂ ਦਾ ਫਰਕ ਖਤਮ ਹੋ ਜਾਂਦਾ ਹੈ। 
ਪੰਡਿਤ ਨਹਿਰੂ ਦੇ ਨਾਲ ਸਾਵਰਕਰ ਨੂੰ ਯਾਦ ਕੀਤਾ-ਮੋਦੀ ਨੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਤੇ ਨਾਲ ਹੀ ਆਜ਼ਾਦੀ ਘੁਲਾਟੀਏ ਵੀਰ ਸਾਵਰਕਰ ਨੂੰ ਵੀ ਯਾਦ ਕੀਤਾ। ਮੋਦੀ ਨੇ ਕਿਹਾ ਕਿ 27 ਮਈ 1964 ਨੂੰ ਪੰ. ਜਵਾਹਰ ਲਾਲ ਨਹਿਰੂ ਦਾ ਦਿਹਾਂਤ ਹੋਇਆ ਸੀ। 1857 ਦੇ ਮਈ ਮਹੀਨੇ ਵਿਚ ਹੀ ਭਾਰਤ ਵਾਸੀਆਂ ਨੇ ਅੰਗਰੇਜ਼ਾਂ ਨੂੰ ਆਪਣੀ ਤਾਕਤ ਵਿਖਾਈ ਸੀ। ਵੀਰ ਸਾਵਰਕਰ ਨੇ ਕਿਹਾ ਸੀ ਕਿ ਇਹ ਆਜ਼ਾਦੀ ਦੀ ਪਹਿਲੀ ਲੜਾਈ ਸੀ। 
ਲੋਕ ਨਿਯਮਤ ਰੂਪ ਨਾਲ ਕਰਨ ਯੋਗ-ਮੋਦੀ ਨੇ ਆਮ ਲੋਕਾਂ ਨੂੰ ਨਿਯਮਤ ਰੂਪ ਨਾਲ ਯੋਗ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਨਾਲ ਇਕ ਸਿਹਤਮੰਦ ਤੇ ਖੁਸ਼ਹਾਲ ਤੇ ਸਦਭਾਵਨਾ ਭਰੇ ਰਾਸ਼ਟਰ ਦਾ ਨਿਰਮਾਣ ਹੋਵੇਗਾ। ਨਿਯਮਤ ਯੋਗ ਕਰਨ ਨਾਲ ਚੰਗੇ ਗੁਣ ਆ ਜਾਂਦੇ ਹਨ। ਨਵੀਂ ਹਿੰਮਤ ਪੈਦਾ ਹੁੰਦੀ ਹੈ। ਮੁਆਫੀ ਦੇਣ ਦੀ ਭਾਵਨਾ ਜਾਗਦੀ ਹੈ। ਯੋਗ ਕਰਨ ਨਾਲ ਸੱਚਾਈ ਸਾਡੀ ਔਲਾਦ, ਤਰਸ ਸਾਡੀ ਭੈਣ, ਸਹਿਣਸ਼ੀਲਤਾ ਸਾਡਾ ਭਰਾ, ਖੁਦ ਧਰਤੀ ਸਾਡਾ ਬਿਸਤਰਾ ਤੇ ਗਿਆਨ ਸਾਡੀ ਭੁੱਖ ਮਿਟਾਉਣ ਵਾਲਾ ਬਣ ਜਾਂਦਾ ਹੈ। 21 ਜੂਨ ਨੂੰ ਸਭ ਕੌਮਾਂਤਰੀ ਯੋਗ ਦਿਵਸ ਵਜੋਂ ਜ਼ੋਰ-ਸ਼ੋਰ ਨਾਲ ਮਨਾਉਣ।
ਸੀਕਰ ਦੀਆਂ ਬੇਟੀਆਂ ਦੇ ਵਧੀਆ ਭਵਿੱਖ ਦੀ ਕਾਮਨਾ ਕੀਤੀ-ਪ੍ਰਧਾਨ ਮੰਤਰੀ ਨੇ ਰਾਜਸਥਾਨ ਦੇ ਸੀਕਰ ਜ਼ਿਲੇ ਦੀਆਂ ਕੱਚੀਆਂ ਬਸਤੀਆਂ 'ਚ ਰਹਿਣ ਵਾਲੀਆਂ ਗਰੀਬ ਕੁੜੀਆਂ ਦੇ ਵਧੀਆ ਭਵਿੱਖ ਦੀ ਕਾਮਨਾ ਕੀਤੀ ਤੇ ਉਨ੍ਹਾਂ ਦਾ ਹੌਸਲਾ ਵਧਾਇਆ। ਉਨ੍ਹਾਂ ਕਿਹਾ ਕਿ ਛੋਟੀਆਂ ਬੇਟੀਆਂ ਹੁਣ ਸਿਲਾਈ-ਕਢਾਈ ਦਾ ਕੰਮ ਸਿੱਖ ਕੇ ਆਪਣੇ ਪਰਿਵਾਰ ਦੀ ਆਰਥਿਕ ਮਦਦ ਕਰ ਰਹੀਆਂ ਹਨ।
ਰੋਮਾਂਚ ਨਾਲ ਹੁੰਦਾ ਹੈ ਵਿਕਾਸ ਦਾ ਜਨਮ-ਮੋਦੀ ਨੇ ਔਰਤਾਂ ਦੀਆਂ ਵੱਖ-ਵੱਖ ਰੋਮਾਂਚਿਕ ਮੁਹਿੰਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਰੋਮਾਂਚ ਨਾਲ ਹੀ ਵਿਕਾਸ ਦਾ ਜਨਮ ਹੁੰਦਾ ਹੈ। ਹਿੰਮਤੀ ਕਾਰਨਾਮਿਆਂ ਨਾਲ ਕੁਝ ਵੱਖਰੀ ਕਿਸਮ ਦਾ ਕੰਮ ਕਰਨ ਦੀ ਪ੍ਰੇਰਨਾ ਮਿਲਦੀ ਹੈ। 
70 ਬੱਚਿਆਂ ਨੂੰ ਪੜ੍ਹਾਉਂਦਾ ਤੇ ਖੁਆਉਂਦਾ ਹੈ ਗਰੀਬ ਚਾਹ ਵਾਲਾ
ਮੋਦੀ ਨੇ ਓਡਿਸ਼ਾ ਦੇ ਕਟਕ ਵਿਖੇ ਚਾਹ ਵੇਚ ਕੇ 70 ਬੱਚਿਆਂ ਦੀ ਪੜ੍ਹਾਈ-ਲਿਖਾਈ, ਖਾਣ-ਪੀਣ ਤੇ ਬੀਮਾਰ ਪੈਣ 'ਤੇ ਉਨ੍ਹਾਂ ਦੀ ਦਵਾਈ ਆਦਿ ਦਾ ਖਰਚਾ ਉਠਾਉਣ ਵਾਲੇ ੍ਰਪ੍ਰਕਾਸ਼ ਰਾਓ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਅਜਿਹੇ ਲੋਕ ਸਮਾਜ 'ਚ ਤਬਦੀਲੀ ਲਿਆਉਂਦੇ ਹਨ।
ਉਨ੍ਹਾਂ ਕਿਹਾ ਕਿ ਦੂਜਿਆਂ ਦੇ ਸੁਪਨਿਆਂ ਨੂੰ ਆਪਣਾ ਬਣਾ ਲੈਣ ਵਾਲੇ ਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਖੁਦ ਨੂੰ ਸਮਰਪਿਤ ਕਰ ਦੇਣ ਵਾਲੇ ਲੋਕ ਬਹੁਤ ਘੱਟ ਮਿਲਦੇ ਹਨ। ਪ੍ਰਕਾਸ਼ ਰਾਓ ਬੀਤੇ 50 ਸਾਲ ਤੋਂ ਕਟਕ 'ਚ ਚਾਹ ਵੇਚ ਰਹੇ ਹਨ। ਇਕ ਮਾਮੂਲੀ ਜਿਹੇ ਚਾਹ ਵਿਕ੍ਰੇਤਾ ਵਲੋਂ 70 ਬੱਚਿਆਂ ਦੇ ਜੀਵਨ 'ਚ ਸਿੱਖਿਆ ਦਾ ਉਜਾਲਾ ਭਰਿਆ ਜਾ ਰਿਹਾ ਹੈ। ਉਹ ਆਪਣੀ ਆਮਦਨ ਦਾ 50 ਫੀਸਦੀ ਹਿੱਸਾ ਇਨ੍ਹਾਂ ਬੱਚਿਆਂ 'ਤੇ ਖਰਚ ਕਰ ਰਹੇ ਹਨ। ਉਨ੍ਹਾਂ ਵਲੋਂ ਜੋ ਕੁਝ ਕੀਤਾ ਜਾ ਰਿਹਾ ਹੈ, ਉਹ ਸਮਾਜ ਤੇ ਦੇਸ਼ ਲਈ ਇਕ ਪ੍ਰੇਰਨਾ ਹੈ।


Related News