ਮਹਾਰਾਸ਼ਟਰ ਤਖਤਾ ਪਲਟ ’ਤੇ ਸੀ ਮੋਦੀ ਦੀ ਨਜ਼ਰ

07/08/2022 11:25:52 AM

ਨਵੀਂ ਦਿੱਲੀ– ਨਵੰਬਰ, 2019 ’ਚ ਇਕ ਵੱਡੀ ਨਾਕਾਮੀ ਤੋਂ ਬਾਅਦ ਭਾਜਪਾ ਨੂੰ ਮਹਾਰਾਸ਼ਟਰ ’ਚ ਨਿਰਾਸ਼ ਹੋਣਾ ਪਿਆ ਸੀ ਕਿਉਂਕਿ ਫੜਨਵੀਸ-ਅਜੀਤ ਪਵਾਰ ਦੀ ਸਰਕਾਰ ਕੁਝ ਹੀ ਦਿਨਾਂ ’ਚ ਡਿੱਗ ਪਈ ਸੀ। ਇਸ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵਾਰ ਬਹੁਤ ਸਾਵਧਾਨ ਸਨ। ਕੁਝ ਮਹੀਨੇ ਪਹਿਲਾਂ ਜਦ ਫੜਨਵੀਸ ਨੇ ਫਿਰ ਤੋਂ ਉਨ੍ਹਾਂ ਕੋਲ ਆ ਕੇ ਇਹ ਕਿਹਾ ਕਿ ਸ਼ਿਵ ਸੈਨਾ ਨੂੰ ਤੋੜਿਆ ਜਾ ਸਕਦਾ ਹੈ ਤਾਂ ਮੋਦੀ ਨੇ ਆਪਣੇ ਭਰੋਸੇਮੰਦ ਜਰਨੈਲ ਅਤੇ ਗੁਜਰਾਤ ਭਾਜਪਾ ਦੇ ਪ੍ਰਧਾਨ ਸੀ. ਆਰ. ਪਾਟਿਲ ਨੂੰ ਐਡਹਾਕ ’ਤੇ ਉਥੇ ਭੇਜ ਕੇ ਇਸ ਆਪ੍ਰੇਸ਼ਨ ਦਾ ਹਿੱਸਾ ਬਣਾਇਆ।

ਪਾਟਿਲ 2014 ’ਚ ਵਾਰਾਣਸੀ ਲੋਕ ਸਭਾ ਸੀਟ ਦੇ ਇੰਚਾਰਜ ਸਨ। ਕਿਉਂਕਿ ਉਨ੍ਹਾਂ ਦਾ ਜਨਮ ਅਤੇ ਪਾਲਣ-ਪੋਸ਼ਣ ਮਹਾਰਾਸ਼ਟਰ ’ਚ ਹੋਇਆ ਸੀ, ਇਸ ਲਈ ਉਹ ਭਾਜਪਾ ਦੇ ਗੁਜਰਾਤ ਪ੍ਰਧਾਨ ਬਣਾਏ ਜਾਣ ਤੋਂ ਪਹਿਲਾਂ ਸੂਬੇ ਦੀ ਸਿਆਸਤ ’ਚ ਵੀ ਗਹਿਰਾਈ ਨਾਲ ਸ਼ਾਮਲ ਰਹੇ ਹਨ। ਫੜਨਵੀਸ ਦੀਆਂ ਲਗਾਤਾਰ 3 ਸਫਲਤਾਵਾਂ ਕਾਰਨ ਹਾਈ ਕਮਾਨ ਉਨ੍ਹਾਂ ਤੋਂ ਪ੍ਰਭਾਵਿਤ ਸੀ; ਜ਼ਿਲਾ ਪ੍ਰੀਸ਼ਦ ਚੋਣ, ਇਕ ਵਾਧੂ ਵਿਧਾਨ ਪ੍ਰੀਸ਼ਦ ਸੀਟ ਅਤੇ ਅੰਤ ’ਚ ਇਕ ਵਾਧੂ ਰਾਜ ਸਭਾ ਸੀਟ ਪ੍ਰਾਪਤ ਕਰਨਾ। ਜਦ ਇਨ੍ਹਾਂ ਘਟਨਾਕ੍ਰਮਾਂ ਨੇ ਸਥਾਪਿਤ ਕਰ ਦਿੱਤਾ ਕਿ ਸ਼ਿਵ ਸੈਨਾ ’ਚ ਕੁਝ ਸਮੱਸਿਆ ਹੈ ਤਾਂ ਇਸ ਆਪ੍ਰੇਸ਼ਨ ਨੂੰ ਹਰੀ ਝੰਡੀ ਦੇ ਦਿੱਤੀ ਗਈ।

ਸੀ. ਆਰ. ਪਾਟਿਲ ਮਰਾਠੀ ਭਾਸ਼ੀ ਹੋਣ ਦੇ ਕਾਰਨ ਪੂਰੇ ਕਾਂਡ ’ਚ ਸ਼ਾਮਲ ਰਹੇ। ਇਹੀ ਕਾਰਨ ਸੀ ਕਿ ਗੁਜਰਾਤ ਦੇ ਸੂਰਤ ਨੂੰ ਸ਼ਿਵ ਸੈਨਾ ਦੇ ਵਿਧਾਇਕਾਂ ਦੀ ਪਹਿਲੀ ਮੰਜ਼ਿਲ ਦੇ ਰੂਪ ’ਚ ਉਥੇ ਇਕੱਠਾ ਹੋਣ ਲਈ ਚੁਣਿਆ ਗਿਆ ਸੀ। ਪਾਟਿਲ ਨੇ ਸਾਰੀ ਵਿਵਸਥਾ ਕੀਤੀ ਅਤੇ ਜਦ ਬਾਗੀ ਵਿਧਾਇਕਾਂ ਦੀ ਗਿਣਤੀ ਵਧ ਕੇ 35 ਤੋਂ ਉੱਪਰ ਹੋ ਗਈ ਤਾਂ ਸ਼ਿਵ ਸੈਨਾ ਦੇ ਵਿਧਾਇਕਾਂ ਨੂੰ ਗੁਹਾਟੀ ਲਿਜਾਇਆ ਗਿਆ। ਇਸ ਆਪ੍ਰੇਸ਼ਨ ਦਾ ਸਿਹਰਾ ਜਿਥੇ ਫੜਨਵੀਸ ਨੂੰ ਜਾਂਦਾ ਹੈ, ਉਥੇ ਭਾਜਪਾ ’ਚ ਇਸ ’ਤੇ ਕਾਫੀ ਉੱਚੇ ਪੱਧਰ ’ਤੇ ਨਜ਼ਰ ਰੱਖੀ ਜਾ ਰਹੀ ਸੀ।

ਇਸ ਘਟਨਾਕ੍ਰਮ ’ਚ ਐੱਨ.ਸੀ. ਪੀ. ਨੇਤਾ ਸ਼ਰਦ ਪਵਾਰ ਦੇ ਗੜ੍ਹ ਸਤਾਰਾ ਤੋਂ ਭਾਜਪਾ ਨੂੰ ਇਕ ਮਰਾਠਾ ਯੋਧਾ ਮਿਲਿਆ। ਭਾਜਪਾ ਕਈ ਦਹਾਕਿਆਂ ਤੋਂ ਮਰਾਠਾ ਨੇਤਾ ਦੀ ਭਾਲ ’ਚ ਸੀ ਕਿਉਂਕਿ ਉਹ ਓ. ਬੀ. ਸੀ. ਅਤੇ ਸਵਰਨਾਂ ਦੇ ਦਮ ’ਤੇ ਅੱਗੇ ਨਹੀਂ ਵਧ ਸਕਦੀ ਸੀ। ਹੁਣ ਏਕਨਾਥ ਸ਼ਿੰਦੇ ਨੇ ਇਸ ਕਮੀ ਨੂੰ ਪੂਰਾ ਕਰ ਦਿੱਤਾ ਹੈ ਅਤੇ ਉਹ ਇਕ ਪ੍ਰਮੁੱਖ ਸਹਿਯੋਗੀ ਹੋਣਗੇ।


Rakesh

Content Editor

Related News