G-7 ’ਚ ਮੋਦੀ ਦਾ ਨਾ ਜਾਣਾ ਇਕ ਹੋਰ ਕੂਟਨੀਤਕ ਅਸਫਲਤਾ : ਜੈਰਾਮ ਰਮੇਸ਼
Wednesday, Jun 04, 2025 - 03:28 AM (IST)

ਨਵੀਂ ਦਿੱਲੀ – ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜੀ-7 ਸਿਖਰ ਸੰਮੇਲਨ ਵਿਚ ਹਿੱਸਾ ਨਾ ਲੈਣਾ ਭਾਰਤ-ਪਾਕਿਸਤਾਨ ਦਰਮਿਆਨ ਅਮਰੀਕਾ ਨੂੰ ਵਿਚੋਲਗੀ ਕਰਨ ਦੇਣ ਤੋਂ ਬਾਅਦ ਇਕ ਹੋਰ ਕੂਟਨੀਤਕ ਅਸਫਲਤਾ ਹੈ। ਬੀਤੇ 6 ਸਾਲਾਂ ਵਿਚ ਪਹਿਲੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੈਨੇਡਾ ਦੇ ਅਲਬਰਟਾ ਸੂਬੇ ਵਿਚ ਆਯੋਜਿਤ ਹੋਣ ਵਾਲੇ ਜੀ-7 ਸਿਖਰ ਸੰਮੇਲਨ ਵਿਚ ਹਿੱਸਾ ਲੈਣ ਦੀ ਸੰਭਾਵਨਾ ਨਹੀਂ ਹੈ। ਮਾਮਲੇ ਤੋਂ ਜਾਣੂ ਲੋਕਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਸੀ।
ਕੈਨੇਡਾ 15 ਤੋਂ 17 ਜੂਨ ਤੱਕ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ, ਜਿਸ ਵਿਚ ਰੂਸ-ਯੂਕ੍ਰੇਨ ਸੰਘਰਸ਼ ਅਤੇ ਪੱਛਮੀ ਏਸ਼ੀਆ ਦੀ ਸਥਿਤੀ ਸਮੇਤ ਵਿਸ਼ਵ ਦੇ ਸਾਹਮਣੇ ਮੌਜੂਦ ਚੁਣੌਤੀਆਂ ’ਤੇ ਵਿਚਾਰ-ਵਟਾਂਦਰਾ ਹੋਣ ਦੀ ਉਮੀਦ ਹੈ।
ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਨੂੰ ਇਸ ਸਿਖਰ ਸੰਮੇਲਨ ਲਈ ਸੱਦਿਆ ਜਾਂਦਾ ਸੀ ਜਿਥੇ ਉਨ੍ਹਾਂ ਦੀ ਆਵਾਜ਼ ਸੁਣੀ ਜਾਂਦੀ ਸੀ। ਉਨ੍ਹਾਂ ਕਿਹਾ ਕਿ ਭਾਰਤੀ ਪ੍ਰਧਾਨ ਮੰਤਰੀਆਂ ਨੂੰ ਸੱਦਣ ਦੀ ਪਰੰਪਰਾ 2014 ਤੋਂ ਬਾਅਦ ਵੀ ਜਾਰੀ ਰਹੀ ਪਰ ਹੁਣ 6 ਸਾਲ ਵਿਚ ਪਹਿਲੀ ਵਾਰ ‘ਵਿਸ਼ਵਗੁਰੂ’ ਕੈਨੇਡਾ ਸਿਖਰ ਸੰਮੇਲਨ ਵਿਚ ਸ਼ਾਮਲ ਨਹੀਂ ਹੋਵੇਗਾ।