ਸਿੱਖੀ ਦੀ ਜਾਗਰੂਕਤਾ ਲਈ ਗੁਰਦੁਆਰਾ ਰਕਾਬਗੰਜ ’ਚ ਬਣਿਆ ‘ਮਾਡਰਨ ਸਿੱਖ ਸਟੱਡੀ ਸੈਂਟਰ’

03/23/2022 6:06:36 PM

ਨਵੀਂ ਦਿੱਲੀ– ਸਿੱਖ ਧਰਮ ਬਾਰੇ ਜਾਗਰੂਕਤਾ ਫੈਲਾਉਣ ਅਤੇ ਇਸ ’ਤੇ ਖੋਜ ਕਰਨ ਵਾਲਿਆਂ ਨੂੰ ਇਕ ਵਿਸ਼ਵ ਪੱਧਰੀ ਮੰਚ ਪ੍ਰਦਾਨ ਕਰਨ ਦੇ ਉਦੇਸ਼ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਕ ਖ਼ਾਸ ਉਪਰਾਲਾ ਕੀਤਾ ਹੈ। ਕਮੇਟੀ ਵਲੋਂ ਇੱਥੇ ਇਤਿਹਾਸਕ ਗੁਰਦੁਆਰਾ ਰਕਾਬਗੰਜ ਸਾਹਿਬ ’ਚ ਇਕ ਮਹੱਤਵਪੂਰਨ ਪ੍ਰਾਜੈਕਟ ’ਤੇ ਕੰਮ ਕਰਦੇ ਹੋਏ 'ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟੱਡੀਜ਼' ਦੀ ਸਥਾਪਨਾ ਕੀਤੀ ਹੈ ਜੋ ਆਧੁਨਿਕ ਤਕਨਾਲੋਜੀ, ਕੌਮਾਂਤਰੀ ਪੱਧਰ ਦੇ ਆਡੀਟੋਰੀਅਮ, ਡਿਜੀਟਲ ਲਾਇਬ੍ਰੇਰੀ ਅਤੇ ਵਿਸ਼ਵ ਪੱਧਰੀ ਖੋਜ ਕੇਂਦਰ ਨਾਲ ਲੈਸ ਹੈ। ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਮੁਤਾਬਕ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਿਆ 'ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟੱਡੀਜ਼' ਲੱਗਭਗ ਬਣ ਕੇ ਤਿਆਰ ਹੈ ਅਤੇ ਇਸ ਨੂੰ ਛੇਹੀ ਦੇਸ਼-ਵਿਦੇਤਸ਼ ਦੀ ਸੰਗਤ ਨੂੰ ਸਮਰਪਿਤ ਕੀਤਾ ਜਾਵੇਗਾ, ਤਾਂ ਦੁਨੀਆ ਭਰ ਦੇ ਵਿਦਵਾਨ ਅਤੇ ਵਿਦਿਆਰਥੀ ਇੱਥੇ ਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਿੱਖ ਧਰਮ ਬਾਰੇ ਜਾਣ ਸਕਣ ਅਤੇ ਸ਼ੋਧ ਕਰ ਸਕਣ।

ਕਾਹਲੋਂ ਨੇ ਕਿਹਾ ਕਿ ਦੁਨੀਆ ਦੇ ਇਸ ਪਹਿਲੇ ਖੋਜ ਕੇਂਦਰ ਵਿਚ ਕਿਸੇ ਵੀ ਉਮਰ ਵਰਗ ਦਾ ਵਿਅਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਅਤੇ ਹੋਰ ਧਾਰਮਿਕ ਸਾਹਿਤ ਬਾਰੇ ਖੋਜ ਕਰ ਸਕੇਗਾ। ਉਨ੍ਹਾਂ ਕਿਹਾ ਕਿ ਸੈਂਟਰ ਬਣਾਉਣ ਲਈ ਭਾਰਤ ’ਚ ਪਹਿਲੀ ਵਾਰ ਇਸ ਮਾਡਰਨ (ਆਧੁਨਿਕ) ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ। ਇਹ ਦੁਨੀਆ ਦਾ ਪਹਿਲਾ ਪ੍ਰਾਜੈਕਟ ਹੋਵੇਗਾ ਜੋ ਸਿੱਖ ਨੌਜਵਾਨਾਂ ਨੂੰ ਆਪਣੇ ਵਿਰਸੇ ਨਾਲ ਜੋੜਨ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੇ ਸੱਭਿਆਚਾਰ ਨਾਲ ਜਾਣੂ ਕਰਵਾਉਣ ਦਾ ਸੰਦੇਸ਼ ਦੇਵੇਗਾ। ਇਸ ਸੈਂਟਰ ਦਾ ਉਦੇਸ਼ ਸਿੱਖ ਭਾਈਚਾਰੇ ਤੋਂ ਇਲਾਵਾ ਦੁਨੀਆ ਦੇ ਹੋਰ ਧਰਮਾਂ ਦੇ ਲੋਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਧਰਮ ਦੀ ਜਾਣਕਾਰੀ ਇੱਕ ਥਾਂ 'ਤੇ ਮੁਹੱਈਆ ਕਰਵਾਉਣਾ ਹੈ।

ਕਾਹਲੋਂ ਨੇ ਅੱਗੇ ਕਿਹਾ ਕਿ ਸੈਂਟਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਦੇਸ਼ ਨੂੰ ਉੱਚ ਤਕਨੀਕੀ ਅਤੇ ਕੰਪਿਊਟਰਾਈਜ਼ਡ ਮਾਧਿਅਮ ਰਾਹੀਂ ਵਿਸ਼ਵ ਪੱਧਰ ਤੱਕ ਪਹੁੰਚਾਇਆ ਜਾਵੇਗਾ। ਇਹ ਸੈਂਟਰ ਵਿਸ਼ਵ ਭਰ ਦੀਆਂ ਖੋਜ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਦੇ ਸਹਿਯੋਗ ਨਾਲ ਵਿਦਵਾਨਾਂ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਖੋਜ ਵਿਚ ਸਹਾਇਤਾ ਕਰੇਗਾ। ਸੈਂਟਰ ਵਿਚ ਸਿੱਖ ਇਤਿਹਾਸ ਅਤੇ ਸਿੱਖ ਧਰਮ ਦੇ ਪਵਿੱਤਰ ਬਾਣੀ ਨੂੰ ਅੰਗਰੇਜ਼ੀ, ਪੰਜਾਬੀ, ਹਿੰਦੀ ਅਤੇ ਵਿਸ਼ਵ ਦੀਆਂ ਹੋਰ ਭਾਸ਼ਾਵਾਂ ਰਾਹੀਂ ਉੱਚ-ਤਕਨੀਕੀ ਸੰਚਾਰ ਤਕਨੀਕ ਰਾਹੀਂ ਦੁਨੀਆਂ ਦੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਇੱਥੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੈਮੀਨਾਰ ਕਰਵਾਏ ਜਾਣਗੇ ਅਤੇ ਇਹ ਸਾਰੀਆਂ ਸਹੂਲਤਾਂ ਮੁਫਤ ਦਿੱਤੀਆਂ ਜਾਣਗੀਆਂ।  

ਕਾਹਲੋਂ ਨੇ ਕਿਹਾ ਇੱਥੇ ਰੋਜ਼ਾਨਾ ਸਿੱਖ ਇਤਿਹਾਸ ਬਾਰੇ ਫ਼ਿਲਮ ਦਿਖਾਈ ਜਾਵੇਗੀ। ਇਸ ਦੇ ਨਾਲ ਹੀ ਇਸ ਦਾ 3ਡੀ ਆਡੀਟੋਰੀਅਮ ਖਿੱਚ ਦਾ ਕੇਂਦਰ ਹੋਵੇਗਾ। ਬਾਹਰੋਂ ਦੇਖੀਏ ਤਾਂ ਇਹ ਆਡੀਟੋਰੀਅਮ ਇੱਕ ਵੱਡੀ ਗੇਂਦ ਵਰਗਾ ਲੱਗਦਾ ਹੈ, ਇਸ ’ਚ 150 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ। ਇੱਥੇ 40 ਤੋਂ 50 ਮਿੰਟ ਦੀਆਂ ਲਘੂ ਫਿਲਮਾਂ ਦਿਖਾਈਆਂ ਜਾਣਗੀਆਂ, ਜੋ ਸਿੱਖ ਵਿਰਸੇ ਅਤੇ ਧਰਮ 'ਤੇ ਆਧਾਰਿਤ ਹੋਣਗੀਆਂ। ਕਮੇਟੀ ਦੇ ਜਨਰਲ ਸਕੱਤਰ ਕਾਹਲੋਂ ਨੇ ਕਿਹਾ ਕਿ ਸੈਂਟਰ ਦੀ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਕੋਈ ਵੀ ਖੋਜਕਰਤਾ ਇੱਥੇ ਖੋਜ ਕਰ ਸਕਦਾ ਹੈ। ਉਸ ਨੂੰ ਸਿਰਫ਼ ਇਸ ਬਾਰੇ DSGMC ਨੂੰ ਸੂਚਿਤ ਕਰਨਾ ਹੋਵੇਗਾ। ਸੈਂਟਰ ’ਚ ਦਾਖਲਾ ਹਰੇਕ ਲਈ ਮੁਫਤ ਹੋਵੇਗਾ। ਇਸ ਨੂੰ ਸਾਰਿਆਂ ਲਈ ਖੁੱਲ੍ਹਾ ਰੱਖਿਆ ਗਿਆ ਹੈ। ਇਸ ਦਾ ਮਤਲਬ ਹੈ ਕਿ ਬੱਚਿਆਂ ਤੋਂ ਲੈ ਕੇ ਨੌਜਵਾਨਾਂ, ਬਜ਼ੁਰਗਾਂ, ਔਰਤਾਂ ਤੱਕ, ਕੋਈ ਵੀ ਇੱਥੇ ਆ ਕੇ ਸਿੱਖ ਧਰਮ ਨਾਲ ਸਬੰਧਤ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਵਿਦੇਸ਼ਾਂ ਵਿਚ ਵਸੇ ਸਿੱਖ ਅਤੇ ਹੋਰ ਲੋਕ ਵੀ ਇੱਥੇ ਆ ਕੇ ਖੋਜ ਕਰ ਸਕਣਗੇ। ਵਿਸ਼ਵ ਸਿੱਖ ਸੰਸਥਾ ਦੇ ਪ੍ਰਧਾਨ ਪਦਮ ਸ੍ਰੀ ਵਿਕਰਮਜੀਤ ਸਿੰਘ ਸਾਹਨੀ ਨੇ ਸੰਗਤਾਂ ਨੂੰ ਸਮਰਪਿਤ ਹੋਣ ਜਾ ਰਹੇ ਇਸ ਕੇਂਦਰ ਦੀ ਉਸਾਰੀ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਹੈ।


Tanu

Content Editor

Related News