ਭਾਰਤ ਆਪਣੀਆਂ ਸਰਹੱਦਾਂ 'ਤੇ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹੈ- ਥਲ ਸੈਨਾ ਮੁਖੀ ਨਰਵਣੇ
Wednesday, Apr 07, 2021 - 04:48 PM (IST)
ਨਵੀਂ ਦਿੱਲੀ- ਥਲ ਸੈਨਾ ਮੁਖੀ ਐੱਮ. ਐੱਮ. ਨਰਵਣੇ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਆਪਣੀਆਂ ਸਰਹੱਦਾਂ 'ਤੇ ਨਵੇਂ ਸਿਰੇ ਤੋਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਸਿਖਲਾਈ ਲੈ ਰਹੇ ਫ਼ੌਜ ਅਧਿਕਾਰੀਆਂ ਨੂੰ ਇਸ ਤਰ੍ਹਾਂ ਦੇ ਸਾਰੇ ਘਟਨਾਕ੍ਰਮਾਂ ਤੋਂ ਜਾਣੂੰ ਰਹਿਣਾ ਚਾਹੀਦਾ। ਜਨਰਲ ਨਰਵਣੇ ਤਾਮਿਲਨਾਡੂ ਦੇ ਵੇਲਿੰਗਟਨ 'ਚ ਡਿਫੈਂਸ ਸਰਵਿਸੇਜ਼ ਸਟਾਫ ਕਾਲਜ (ਡੀ.ਐੱਸ.ਐੱਸ.ਸੀ.) 'ਚ ਪੱਛਮੀ ਅਤੇ ਉੱਤਰੀ ਸਰਹੱਦਾਂ ਦੇ ਘਟਨਾਕ੍ਰਮ ਅਤੇ ਭਾਰਤੀ ਫ਼ੌਜ ਦੇ ਰੋਡਮੈਪ 'ਤੇ ਉਨ੍ਹਾਂ ਦੇ ਪ੍ਰਭਾਵ ਵਿਸ਼ੇ 'ਤੇ ਭਾਸ਼ਣ ਦੇ ਰਹੇ ਸਨ।
ਭਾਰਤੀ ਫ਼ੌਜ ਵਲੋਂ ਜਾਰੀ ਇਕ ਬਿਆਨ ਅਨੁਸਾਰ ਥਲ ਸੈਨਾ ਮੁਖੀ ਨੇ ਜ਼ੋਰ ਦਿੱਤਾ ਕਿ ਦੇਸ਼ ਆਪਣੀਆਂ ਸਰਹੱਦਾਂ 'ਤੇ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਾਰੇ ਘਟਨਾਕ੍ਰਮਾਂ ਨੂੰ ਲੈ ਕੇ ਜਾਣੂੰ ਰਹਿਣ ਦੀ ਅਪੀਲ ਕੀਤੀ। ਜਨਰਲ ਨਰਵਣੇ ਕਾਲਜ ਦੇ 2 ਦਿਨਾਂ ਦੌਰੇ 'ਤੇ ਹਨ। ਉਨ੍ਹਾਂ ਨੇ ਕਾਲਜ 'ਚ 76ਵੇਂ ਸਟਾਫ਼ ਪ੍ਰੋਗਰਾਮ 'ਚ ਸ਼ਾਮਲ ਅਧਿਕਾਰੀਆਂ ਅਤੇ ਮੈਂਬਰਾਂ ਨੂੰ ਭਾਸ਼ਣ ਦਿੱਤਾ। ਬਿਆਨ 'ਚ ਕਿਹਾ ਗਿਆ ਹੈ ਕਿ ਡੀ.ਐੱਸ.ਐੱਸ.ਸੀ. ਦੇ ਕਮਾਂਡੈਂਟ ਲੈਫਟੀਨੈਂਟ ਜਨਰਲ ਐੱਮ.ਜੇ.ਐੱਸ. ਕਹਲੋਂ ਨੇ ਤਿੰਨਾਂ ਸੈਨਾਵਾਂ ਵਿਚਾਲੇ ਇਕਜੁਟਤਾ ਨਾਲ ਸਿਖਲਾਈ ਗਤੀਵਿਧੀਆਂ ਅਤੇ ਨਵੀਆਂ ਪਹਿਲਾਂ ਨੂੰ ਸ਼ਾਮਲ ਕਰਨ ਦੀ ਜਾਣਕਾਰੀ ਦਿੱਤੀ। ਬਿਆਨ ਅਨੁਸਾਰ ਉਨ੍ਹਾਂ ਨੇ ਕੋਵਿਡ-19 ਲਾਗ਼ ਦੇ ਬਾਵਜੂਦ ਸਿਖਲਾਈ ਦੇ ਉੱਚ ਪੱਧਰ ਨੂੰ ਬਣਾਏ ਰੱਖਣ ਲਈ ਕਾਲਜ ਦੀ ਸ਼ਲਾਘਾ ਕੀਤੀ।