ਹਿਜ਼ਬੁਲ ਮੁਜਾਹਿਦੀਨ ਮਾਮਲੇ ''ਚ NIA ਜੰਮੂ-ਕਸ਼ਮੀਰ ਦੇ ਸਾਬਕਾ ਵਿਧਾਇਕ ਤੋਂ ਕਰੇਗੀ ਪੁੱਛ-ਗਿੱਛ

02/03/2020 3:12:07 PM

ਸ਼੍ਰੀਨਗਰ (ਭਾਸ਼ਾ)— ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਨਵੀਦ ਬਾਬੂ ਨਾਲ ਸੰਪਰਕ ਮਾਮਲੇ ਵਿਚ ਜੰਮੂ-ਕਸ਼ਮੀਰ ਦੇ ਸਾਬਕਾ ਵਿਧਾਇਕ ਸ਼ੇਖ ਅਬਦੁੱਲ ਰਾਸ਼ਿਦ ਤੋਂ ਪੁੱਛ-ਗਿੱਛ ਕਰੇਗੀ। ਇੱਥੇ ਦੱਸ ਦੇਈਏ ਕਿ ਅੱਤਵਾਦੀ ਨਵੀਦ ਬਾਬੂ ਨੂੰ ਜੰੰਮੂ-ਕਸ਼ਮੀਰ ਦੇ ਬਰਖਾਸਤ ਡੀ. ਐੱਸ. ਪੀ. ਦਵਿੰਦਰ ਸਿੰਘ ਨਾਲ ਗ੍ਰਿਫਤਾਰ ਕੀਤਾ ਗਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਨਵੀਦ ਨੇ ਦਾਅਵਾ ਕੀਤਾ ਹੈ ਕਿ ਉਹ ਰਾਸ਼ਿਦ ਦੇ ਸੰਪਰਕ ਵਿਚ ਸੀ। ਅਵਾਮੀ ਇੱਤੇਹਾਦ ਪਾਰਟੀ ਦੇ ਨੇਤਾ ਅਤੇ 'ਰਾਸ਼ਿਦ ਇੰਜੀਨੀਅਰ' ਦੇ ਨਾਂਅ ਤੋਂ ਲੋਕਪ੍ਰਿਅ ਰਾਸ਼ਿਦ ਨੇ ਉੱਤਰੀ ਕਸ਼ਮੀਰ ਦੇ ਲੰਗੇਟ ਤੋਂ 2014 ਦੀਆਂ ਵਿਧਾਨ ਸਭਾ ਚੋਣਾਂ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਲੜੀਆਂ ਸਨ। 

ਐੱਨ. ਆਈ. ਏ. ਨੇ ਰਾਸ਼ਿਦ ਨੂੰ ਜੰਮੂ-ਕਸ਼ਮੀਰ ਵਿਚ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਹੋਣ ਦੇ ਸੰਬੰਧ 'ਚ 9 ਅਗਸਤ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਉਹ ਤਿਹਾੜ ਜੇਲ 'ਚ ਨਿਆਂਇਕ ਹਿਰਾਸਤ ਵਿਚ ਹੈ। ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀ ਨੇ ਰਾਸ਼ਿਦ ਨੂੰ ਸੰਮਨ ਜਾਰੀ ਕਰਨ ਨੂੰ ਲੈ ਕੇ ਵਾਰੰਟ ਜਾਰੀ ਕਰਨ ਲਈ ਅਦਾਲਤ ਜਾਵੇਗੀ, ਤਾਂ ਕਿ ਸਾਬਕਾ ਵਿਧਾਇਕ ਰਾਸ਼ਿਦ ਦੇ ਨਵੀਦ ਨਾਲ ਸੰਪਰਕ ਬਾਰੇ ਪੁੱਛ-ਗਿੱਛ ਕੀਤੀ ਜਾ ਸਕੇ। ਨਵੀਦ ਦਾ ਪੂਰਾ ਨਾਂਅ ਸਈਅਦ ਨਵੀਦ ਮੁਸ਼ਤਾਕ ਅਹਿਮਦ ਹੈ। ਉਹ 6 ਫਰਵਰੀ ਤਕ ਐੱਨ. ਆਈ. ਏ. ਦੀ ਹਿਰਾਸਤ ਵਿਚ ਹੈ। ਦੱਸਣਯੋਗ ਹੈ ਕਿ ਬੀਤੀ 11 ਜਨਵਰੀ ਨੂੰ ਬਰਖਾਸਤ ਡੀ. ਐੱਸ. ਪੀ. ਦਵਿੰਦਰ ਸਿੰਘ ਨੂੰ ਨਵੀਦ ਅਤੇ ਦੋ ਹੋਰਨਾਂ ਨਾਲ ਕਸ਼ਮੀਰ ਘਾਟੀ 'ਚ ਗ੍ਰਿਫਤਾਰ ਕੀਤਾ ਗਿਆ ਸੀ।


Tanu

Content Editor

Related News