ਫਰਾਰ ਵਿਧਾਇਕ ਅਨੰਤ ਸਿੰਘ ਨੇ ਫਿਰ ਜਾਰੀ ਕੀਤਾ ਵੀਡੀਓ, ਪੁਲਸ ''ਤੇ ਲਗਾਏ ਗੰਭੀਰ ਦੋਸ਼

08/23/2019 10:23:43 AM

ਨਵੀਂ ਦਿੱਲੀ— ਬਾਹੁਬਲੀ ਵਿਧਾਇਕ ਅਨੰਤ ਸਿੰਘ ਨੇ ਵੀਰਵਾਰ ਨੂੰ ਤੀਜਾ ਵੀਡੀਓ ਜਾਰੀ ਕਰ ਕੇ ਪੁਲਸ ਦੇ ਸਾਹਮਣੇ ਇਕ ਵਾਰ ਫਿਰ ਚੁਣੌਤੀ ਜ਼ਾਹਰ ਕੀਤੀ ਹੈ। ਵੀਡੀਓ 'ਚ ਉਨ੍ਹਾਂ ਨੇ ਕਿਹਾ ਹੈ ਕਿ ਉਹ ਪੁਲਸ ਦੇ ਸਾਹਮਣੇ ਕਿਸੇ ਵੀ ਕੀਮਤ 'ਤੇ ਆਤਮਸਮਰਪਣ ਨਹੀਂ ਕਰਨਗੇ। ਅਨੰਤ ਸਿੰਘ ਨੇ ਪੁਲਸ 'ਤੇ ਸਾਜਿਸ਼ ਰਚਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ ਕੋਰਟ 'ਤੇ ਪੂਰਾ ਭਰੋਸਾ ਹੈ ਪਰ ਪੁਲਸ 'ਤੇ ਨਹੀਂ।

ਪੁਲਸ 'ਤੇ ਲਗਾਏ ਗੰਭੀਰ ਦੋਸ਼
ਇਸ ਨਵੇਂ ਵੀਡੀਓ 'ਚ ਅਨੰਤ ਨੇ ਪਟਨਾ ਪੁਲਸ ਦੇ ਉੱਪਰ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਰਾਜ ਦੀ ਸੱਤਾਧਾਰੀ ਜਨਤਾ ਦਲ (ਯੂ) ਦੇ ਸੰਸਦ ਮੈਂਬਰ ਲਲਨ ਸਿੰਘ, ਮੰਤਰੀ ਨੀਰਜ ਕੁਮਾਰ ਅਤੇ ਐਡੀਸ਼ਨ ਪੁਲਸ ਸੁਪਰਡੈਂਟ (ਏ.ਐੱਸ.ਪੀ.) ਲਿਪੀ ਸਿੰਘ ਨੇ ਮੇਰੇ ਵਿਰੁੱਧ ਸਾਜਿਸ਼ ਰਚ ਕੇ ਇਕ ਰਿਸ਼ਤੇਦਾਰ ਰਾਹੀਂ ਘਰ 'ਚ ਹਥਿਆਰ ਰੱਖਵਾਏ ਸਨ।''

ਘਰੋਂ ਭਾਰੀ ਮਾਤਰਾ 'ਚ ਕਾਰਤੂਸ ਬਰਾਮਦ ਹੋਏ
ਦੱਸਣਯੋਗ ਹੈ ਕਿ ਬੀਤੀ 16 ਅਗਸਤ ਨੂੰ ਨਦਾਵਾਂ ਪਿੰਡ ਸਥਿਤ ਅਨੰਤ ਸਿੰਘ ਦੇ ਘਰੋਂ ਏ.ਕੇ.-47 ਰਾਈਫਲ, 2 ਗ੍ਰੇਨੇਡ ਅਤੇ ਭਾਰੀ ਮਾਤਰਾ 'ਚ ਕਾਰਤੂਸ ਬਰਾਮਦ ਕੀਤੇ ਗਏ ਸਨ। ਇਸ ਦੇ ਬਾਅਦ ਤੋਂ ਹੀ ਬਿਹਾਰ ਪੁਲਸ ਵਿਧਾਇਕ ਅਨੰਤ ਸਿੰਘ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ 'ਚ ਹੈ, ਜਦੋਂ ਕਿ ਫਰਾਰ ਅਨੰਤ ਸਿੰਘ ਵਾਰ-ਵਾਰ ਵੀਡੀਓ ਜਾਰੀ ਕਰ ਕੇ ਬਿਹਾਰ ਪੁਲਸ ਦੀ ਕਾਬਲੀਅਤ 'ਤੇ ਸਵਾਲ ਖੜ੍ਹੇ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀਰਵਾਰ ਨੂੰ ਅਨੰਤ ਦੇ ਕੋਰਟ 'ਚ ਕਦੇ ਵੀ ਸਰੰਡਰ ਕੀਤੇ ਜਾਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹੀਆਂ ਪਰ ਪੁਲਸ ਪ੍ਰਸ਼ਾਸਨ ਦੀ ਮੌਜੂਦਗੀ ਕਾਰਨ ਇਹ ਸੰਭਵ ਨਹੀਂ ਹੋ ਸਕਿਆ।

ਪੁਲਸ ਦੀਆਂ ਗਤੀਵਿਧੀਆਂ 'ਤੇ ਲਗਾਤਾਰ ਰੱਖ ਰਹੇ ਹਨ ਨਜ਼ਰ
ਜ਼ਿਕਰਯੋਗ ਹੈ ਕਿ ਘਰੋਂ ਹਥਿਆਰਾਂ ਦੀ ਬਰਾਮਦਗੀ ਤੋਂ ਬਾਅਦ ਅਨੰਤ ਸਿੰਘ ਦੀ ਗ੍ਰਿਫਤਾਰੀ ਤੈਅ ਮੰਨੀ ਜਾ ਰਹੀ ਸੀ ਪਰ ਇਸ 'ਚ ਹੋਈ ਦੇਰੀ ਨਾਲ ਉਨ੍ਹਾਂ ਨੂੰ ਫਰਾਰ ਹੋਣ ਦਾ ਮੌਕਾ ਮਿਲ ਗਿਆ। ਇਸ ਕਾਰਨ ਪੁਲਸ ਦੀ ਭੂਮਿਕਾ 'ਤੇ ਵੀ ਸਵਾਲ ਖੜ੍ਹੇ ਕੀਤੇ ਜਾਂਦੇ ਰਹੇ। ਫਿਲਹਾਲ ਉਹ ਕਿੱਥੇ ਹਨ, ਪੁਲਸ ਨੂੰ ਇਸ ਦਾ ਪਤਾ ਨਹੀਂ ਪਰ ਉਹ ਪੁਲਸ ਦੀਆਂ ਗਤੀਵਿਧੀਆਂ 'ਤੇ ਲਗਾਤਾਰ ਨਜ਼ਰ ਰੱਖੇ ਹੋਏ ਹਨ।


DIsha

Content Editor

Related News