ਮੁਰਮੂ ਨੂੰ ‘ਰਾਸ਼ਟਰਪਤਨੀ’ ਕਹੇ ਜਾਣ ’ਤੇ ਅਧੀਰ ਚੌਧਰੀ ਦੀ ਸਫ਼ਾਈ, ਕਿਹਾ- ਗਲਤੀ ਨਾਲ ਮੂੰਹੋਂ ਨਿਕਲਿਆ ਸ਼ਬਦ
Thursday, Jul 28, 2022 - 02:09 PM (IST)

ਨਵੀਂ ਦਿੱਲੀ– ਲੋਕ ਸਭਾ ’ਚ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਬਾਰੇ ਕੀਤੀ ਗਈ ਟਿੱਪਣੀ ’ਤੇ ਸਫ਼ਾਈ ਦਿੱਤੀ ਹੈ। ਉਨ੍ਹਾਂ ਸਫ਼ਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਮੂੰਹੋਂ ਗਲਤੀ ਨਾਲ ਇਕ ਸ਼ਬਦ ਨਿਕਲ ਗਿਆ ਅਤੇ ਭਾਜਪਾ ਕੋਲ ਕੋਈ ਮੁੱਦਾ ਨਹੀਂ ਹੈ, ਇਸ ਲਈ ਉਹ ਇਸ ਨੂੰ ਚੁੱਕ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਰਾਸ਼ਟਰਪਤੀ ਅਹੁਦੇ ’ਤੇ ਚਾਹੇ ਕਿਸੇ ਵੀ ਭਾਈਚਾਰੇ ਦਾ ਵਿਅਕਤੀ ਬਿਰਾਜਮਾਨ ਕਿਉਂ ਨਾ ਹੋਵੇ, ਉਹ ਉਸ ਦਾ ਪੂਰਾ ਸਨਮਾਨ ਕਰਦੇ ਹਨ।
ਇਹ ਵੀ ਪੜ੍ਹੋ- ਸਮ੍ਰਿਤੀ ਈਰਾਨੀ ਦਾ ਤਲਖੀ ਭਰਿਆ ਅੰਦਾਜ਼, ਰਾਸ਼ਟਰਪਤੀ 'ਤੇ ਵਿਵਾਦਿਤ ਬਿਆਨ ਨੂੰ ਲੈ ਕੇ ਘੇਰੀ ਕਾਂਗਰਸ
ਦੱਸ ਦੇਈਏ ਕਿ ਅਧੀਰ ਰੰਜਨ ਚੌਧਰੀ ਨੇ ਬੁੱਧਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦਿਆਂ ਰਾਸ਼ਟਰਪਤੀ ਮੁਰਮੂ ਲਈ ‘ਰਾਸ਼ਟਰਪਤਨੀ’ ਸ਼ਬਦ ਦਾ ਇਸਤੇਮਾਲ ਕਰ ਦਿੱਤਾ ਸੀ। ਭਾਜਪਾ ਸੰਸਦ ਮੈਂਬਰਾਂ ਨੇ ਵੀਰਵਾਰ ਨੂੰ ਸੰਸਦ ਦੇ ਦੋਹਾਂ ਸਦਨਾਂ ’ਚ ਇਸ ਵਿਸ਼ੇ ਨੂੰ ਲੈ ਕੇ ਹੰਗਾਮਾ ਕੀਤਾ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਮੁਆਫ਼ੀ ਦੀ ਮੰਗ ਕੀਤੀ।
ਇਹ ਵੀ ਪੜ੍ਹੋ- ਅਰਪਿਤਾ ਮੁਖਰਜੀ ਦੇ ਅਪਾਰਟਮੈਂਟ ’ਚੋਂ ਮਿਲਿਆ ਸੋਨਾ ਅਤੇ 28 ਕਰੋੜ ਕੈਸ਼, ਗਿਣਨ ਨੂੰ ਲੱਗੀ ਪੂਰੀ ਰਾਤ
ਕਾਂਗਰਸ ਨੇਤਾ ਚੌਧਰੀ ਨੇ ਕਿਹਾ ਕਿ ਦੇਸ਼ ਦਾ ਰਾਸ਼ਟਰਪਤੀ ਜੋ ਵੀ ਹੋਵੇ, ਚਾਹੇ ਉਹ ਬ੍ਰਾਹਮਣ ਹੋਵੇ ਜਾਂ ਆਦਿਵਾਸੀ, ਸਾਡੇ ਲਈ ਰਾਸ਼ਟਰਪਤੀ ਹੈ। ਅਹੁਦੇ ਦੀ ਮਰਿਆਦਾ ਦਾ ਪੂਰਾ ਸਨਮਾਨ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੱਲ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਸ਼ਬਦ ਇਕ ਵਾਰ ਗਲਤੀ ਨਾਲ ਨਿਕਲ ਗਿਆ। ਉਸ ਸਮੇਂ ਪੱਤਰਕਾਰ ਨੇ ਮੈਨੂੰ ਕਿਹਾ ਕਿ ਤੁਸੀਂ ‘ਰਾਸ਼ਟਰਪਤੀ’ ਕਹਿਣਾ ਚਾਹੁੰਦੇ ਹੋ। ਮੈਂ ਕਿਹਾ ਕਿ ਇਹ ਗਲਤੀ ਨਾਲ ਮੂੰਹੋਂ ਨਿਕਲ ਗਿਆ, ਇਸ ਨੂੰ ਨਾ ਵਿਖਾਉਣਾ ਤਾਂ ਬਿਹਤਰ ਹੋਵੇਗਾ। ਇਸ ਤੋਂ ਬਾਅਦ ਵੀ ਪੱਤਰਕਾਰ ਨੇ ਇਸ ਵੀਡੀਓ ਨੂੰ ਚਲਾਇਆ। ਚੌਧਰੀ ਨੇ ਕਿਹਾ ਕਿ ਮੇਰੇ ਤੋਂ ਗਲਤੀ ਹੋਈ ਹੈ, ਇਕ ਸ਼ਬਦ ਗਲਤੀ ਨਾਲ ਮੂੰਹੋਂ ਨਿਕਲ ਗਿਆ।